#Featured

ਯੂਨਾਈਟਿਡ ਵਰਲਡ ਰੈਸਲਿੰਗ ਵੱਲੋਂ ਪਹਿਲਵਾਨਾਂ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਾ

– 45 ਦਿਨਾਂ ਅੰਦਰ ਚੋਣਾਂ ਨਾ ਕਰਵਾਉਣ ‘ਤੇ ਡਬਲਯੂ.ਐੱਫ.ਆਈ. ਨੂੰ ਮੁਅੱਤਲ ਕਰਨ ਦੀ ਦਿੱਤੀ ਚਿਤਾਵਨੀ
– ਜਾਂਚ ਨੂੰ ਲੈ ਕੇ ਪ੍ਰਗਟਾਈ ਨਿਰਾਸ਼ਾ
ਲੁਸਾਨੇ, 31 ਮਈ (ਪੰਜਾਬ ਮੇਲ)- ਪਹਿਲਵਾਨਾਂ ਦੀ ਲਹਿਰ ਦੀ ਗੂੰਜ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਵੀ ਸੁਣਾਈ ਦੇ ਰਹੀ ਹੈ। ਰੈਸਲਿੰਗ ਦੇ ਸਭ ਤੋਂ ਵੱਡੇ ਸੰਗਠਨ ਨੇ ਵੀ ਇਸ ਮਾਮਲੇ ‘ਚ ਬਿਆਨ ਜਾਰੀ ਕਰਕੇ ਚਿਤਾਵਨੀ ਦਿੱਤੀ ਹੈ। ਯੂਨਾਈਟਿਡ ਵਰਲਡ ਰੈਸਲਿੰਗ (ਯੂ.ਡਬਲਯੂ.ਡਬਲਯੂ.) ਨੇ ਅੰਦੋਲਨਕਾਰੀ ਪਹਿਲਵਾਨਾਂ ਦੀ ਹਿਰਾਸਤ ‘ਚ ਲਏ ਜਾਣ ਦੀ ਨਿੰਦਾ ਕੀਤੀ ਹੈ। ਸੰਗਠਨ ਨੇ ਚਿਤਾਵਨੀ ਦਿੱਤੀ ਕਿ ਜੇਕਰ 45 ਦਿਨਾਂ ਦੇ ਅੰਦਰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਚੋਣਾਂ ਨਾ ਕਰਵਾਈਆਂ ਗਈਆਂ ਤਾਂ ਡਬਲਿਊ.ਐੱਫ.ਆਈ. ਨੂੰ ਮੁਅੱਤਲ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਭਾਰਤੀ ਐਥਲੀਟ ਦੇਸ਼ ਦੇ ਝੰਡੇ ਨਾਲ ਹੋਰ ਮੈਚ ਨਹੀਂ ਖੇਡ ਸਕਣਗੇ। ਉਨ੍ਹਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਨਿਰਪੱਖ ਝੰਡੇ ਨਾਲ ਉਤਰਨਾ ਹੋਵੇਗਾ।
ਯੂ.ਡਬਲਯੂ.ਡਬਲਯੂ. ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਉਹ ਭਾਰਤ ਵਿਚ ਸਥਿਤੀ ‘ਤੇ ਚਿੰਤਾ ਦੇ ਨਾਲ ਨਜ਼ਰ ਬਣਾਈ ਹੋਈ ਹੈ, ਜਿੱਥੇ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਦੁਰਵਿਵਹਾਰ ਅਤੇ ਪ੍ਰੇਸ਼ਾਨੀ ਦੇ ਦੋਸ਼ਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਦਿਨਾਂ ਦੀਆਂ ਘਟਨਾਵਾਂ ਹੋਰ ਵੀ ਚਿੰਤਾਜਨਕ ਹਨ ਕਿ ਰੋਸ ਮਾਰਚ ਸ਼ੁਰੂ ਕਰਨ ਲਈ ਪਹਿਲਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਇਸ ਦੇ ਨਾਲ ਹੀ ਹੁਣ ਤੱਕ ਦੀ ਜਾਂਚ ਦੇ ਨਤੀਜੇ ਨੂੰ ਲੈ ਕੇ ਸੰਗਠਨ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ (30 ਮਈ) ਦੀ ਸ਼ਾਮ ਨੂੰ ਐਲਾਨ ਅਨੁਸਾਰ ਪਹਿਲਵਾਨ ਹਰਿ ਕੀ ਪੌੜੀ ਵਿਖੇ ਪੁੱਜੇ। ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਗੰਗਾ ਦੇ ਕਿਨਾਰੇ ਬੈਠੇ ਸਨ, ਜਦੋਂ ਨਰੇਸ਼ ਟਿਕੈਤ ਵੀ ਉੱਥੇ ਪਹੁੰਚ ਗਏ। ਨਰੇਸ਼ ਟਿਕੈਤ ਦੇ ਕਹਿਣ ‘ਤੇ ਪਹਿਲਵਾਨਾਂ ਨੇ ਆਪਣੇ ਤਗਮੇ ਗੰਗਾ ਵਿਚ ਨਹੀਂ ਸੁੱਟੇ। ਇਸ ਤੋਂ ਬਾਅਦ ਨਰੇਸ਼ ਟਿਕੈਤ ਨੇ ਪਹਿਲਵਾਨਾਂ ਤੋਂ ਮੈਡਲ ਲਏ। ਨਰੇਸ਼ ਟਿਕੈਤ ਨੇ ਕਿਹਾ ਕਿ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਭਾਜਪਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਵਾਨਾਂ ਨੂੰ ਸਮਝਾ ਦਿੱਤਾ ਹੈ। ਅਸੀਂ ਬੱਚਿਆਂ (ਖਿਡਾਰਨਾਂ) ਦਾ ਸਿਰ ਨੀਵਾਂ ਨਹੀਂ ਹੋਣ ਦੇਵਾਂਗੇ।

Leave a comment