ਨਵੀਂ ਦਿੱਲੀ, 17 ਅਗਸਤ (ਪੰਜਾਬ ਮੇਲ)- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਆਪਣੇ ਦੇਸ਼ ’ਚ ਹਿੰਦੂਆਂ ਤੇ ਸਾਰੇ ਘੱਟ ਗਿਣਤੀਆਂ ਦੀ ਰਾਖੀ ਤੇ ਸੁਰੱਖਿਆ ਦਾ ਭਰੋਸਾ ਦਿੱਤਾ। ਮੋਦੀ ਨੇ ਐਕਸ ’ਤੇ ਕਿਹਾ, ‘ਬੰਗਲਾਦੇਸ਼ ਦੀ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਫੋਨ ਕੀਤਾ ਸੀ। ਮੌਜੂਦਾ ਸਥਿਤੀ ’ਤੇ ਵਿਚਾਚ ਚਰਚਾ ਕੀਤੀ ਗਈ। ਜਮਹੂਰੀ, ਸਥਿਰ, ਸ਼ਾਂਤੀਪੂਰਨ ਤੇ ਪ੍ਰਗਤੀਸ਼ੀਲ ਬੰਗਲਾਦੇਸ਼ ਲਈ ਭਾਰਤ ਦੀ ਹਮਾਇਤ ਦੁਹਰਾਈ। ਉਨ੍ਹਾਂ ਬੰਗਲਾਦੇਸ਼ ’ਚ ਹਿੰਦੂਆਂ ਤੇ ਸਾਰੀਆਂ ਘੱਟ ਗਿਣਤੀਆਂ ਦੀ ਰਾਖੀ ਤੇ ਸੁਰੱਖਿਆ ਦਾ ਭਰੋਸਾ ਦਿੱਤਾ।’
ਪੀਐੱਮਓ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਵਿਕਾਸ ਸਬੰਧੀ ਵੱਖ ਵੱਖ ਤਰਜੀਹਾਂ ਰਾਹੀਂ ਬੰਗਲਾਦੇਸ਼ ’ਚ ਲੋਕਾਂ ਦੀ ਹਮਾਇਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ’ਤੇ ਜ਼ੋਰ ਦਿੱਤਾ। ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ’ਚ ਹਿੰਦੂਆਂ ਤੇ ਹੋਰ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮਹੱਤਵ ਨੂੰ ਵੀ ਉਭਾਰਿਆ। ਇਸ ਅਨੁਸਾਰ ਯੂਨਸ ਨੇ ਭਰੋਸਾ ਦਿੱਤਾ ਕਿ ਅੰਤਰਿਮ ਸਰਕਾਰ ਬੰਗਲਾਦੇਸ਼ ’ਚ ਹਿੰਦੂਆਂ ਤੇ ਸਾਰੇ ਘੱਟ ਗਿਣਤੀਆਂ ਦੀ ਸੁਰੱਖਿਆ ਤੇ ਰੱਖਿਆ ਨੂੰ ਤਰਜੀਹ ਦੇੇਵੇਗੀ। ਯੂਨਸ ਨੇ ਮੋਦੀ ਨੂੰ ਦੱਸਿਆ ਕਿ ਬੰਗਲਾਦੇਸ਼ ’ਚ ਸਥਿਤੀ ਕਾਬੂ ਹੇਠ ਹੈ ਅਤੇ ਆਮ ਜੀਵਨ ਲੀਹ ’ਤੇ ਪਰਤ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੰਗਲਾਦੇਸ਼ ’ਚ ਘੱਟ ਗਿਣਤੀਆਂ ’ਤੇ ਹਮਲਿਆਂ ਦੀਆਂ ਖ਼ਬਰਾਂ ਵਧਾ-ਚੜ੍ਹਾ ਕੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਯੂਨਸ ਨੇ 17 ਅਗਸਤ ਨੂੰ ਆਨਲਾਈਨ ‘ਥਰਡ ਵਾਇਸ ਆਫ ਗਲੋਬਲ ਸਾਊਥ ਸਮਿਟ’ ਵਿੱਚ ਸ਼ਾਮਲ ਹੋਣ ਲਈ ਭਾਰਤੀ ਆਗੂ ਦਾ ਸੱਦਾ ਵੀ ਸਵੀਕਾਰ ਕਰ ਲਿਆ ਹੈ। ਯੂਨਸ ਨੇ ਕਿਹਾ ਕਿ ਉਹ ਭਾਰਤੀ ਪੱਤਰਕਾਰਾਂ ਨੂੰ ਬੰਗਲਾਦੇਸ਼ ਆਉਣ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਮੁੱਦਿਆਂ ’ਤੇ ਜ਼ਮੀਨੀ ਪੱਧਰ ’ਤੇ ਰਿਪੋਰਟ ਪੇਸ਼ ਕਰਨ ਲਈ ਸੱਦਾ ਦੇ ਰਹੇ ਹਨ। ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨੇ ‘ਪੱਕੇ ਮਿੱਤਰ ਵਜੋਂ ਲੋਕਾਂ ਦੇ ਫਾਇਦੇ ਲਈ’ ਬੰਗਲਾਦੇਸ਼ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਯੂਨਸ ਦੀ ਅਗਵਾਈ ਹੇਠਲੀ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ ਹੈ। ਪੀਐੱਮਓ ਅਨੁਸਾਰ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਕੌਮੀ ਤਰਜੀਹਾਂ ਅਨੁਸਾਰ ਅੱਗੇ ਲਿਜਾਣ ਦੇ ਢੰਗਾਂ ਬਾਰੇ ਵੀ ਚਰਚਾ ਕੀਤੀ।