ਨਿਊਯਾਰਕ, 9 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਜੰਗ ਰੋਕਣ ਲਈ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਨਿਊ ਯਾਰਕ ਪੋਸਟ ਨੇ ਅਮਰੀਕੀ ਸਦਰ ਨਾਲ ਏਅਰ ਫੋਰਸ ਵਨ ਵਿਚ ਕੀਤੀ ਇੰਟਰਵਿਊ ਦੇ ਹਵਾਲੇ ਨਾਲ ਉਪਰੋਕਤ ਦਾਅਵਾ ਕੀਤਾ ਹੈ। ਉਂਝ ਇੰਟਰਵਿਊ ਦੌਰਾਨ ਟਰੰਪ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਕੋਲ ਰੂਸ-ਯੂਕਰੇਨ ਜੰਗ ਰੋਕਣ ਲਈ ਠੋਸ ਯੋਜਨਾ ਹੈ। ਟਰੰਪ ਨੇ ਹਾਲਾਂਕਿ ਇਸ ਬਾਰੇ ਬਹੁਤੀ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ।
ਜਦੋਂ ਟਰੰਪ ਨੂੰ ਪੁੱਛਿਆ ਕਿ ਉਨ੍ਹਾਂ ਹੁਣ ਤੱਕ ਕਿੰਨੀ ਵਾਰ ਪੂਤਿਨ ਨਾਲ ਗੱਲ ਕੀਤੀ ਹੈ ਤਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਇਸ ਬਾਰੇ ਕੁਝ ਵੀ ਨਾ ਕਹਿਣਾ ਚੰਗਾ ਹੋਵੇਗਾ।’’ ਟਰੰਪ ਨੇ ਨਿਊ ਯਾਰਕ ਪੋਸਟ ਨੂੰ ਦੱਸਿਆ, ‘‘ਉਹ (ਪੂਤਿਨ) ਹੋਰ ਲੋਕਾਂ ਨੂੰ ਮਰਦੇ ਨਹੀਂ ਦੇਖਣਾ ਚਾਹੁੰਦਾ ਹੈ।’’
ਉਧਰ ਕਰੈਮਲਿਨ ਜਾਂ ਵ੍ਹਾਈਟ ਹਾਊਸ ਵਿਚੋਂ ਕਿਸੇ ਨੇ ਵੀ ਦੋਵਾਂ ਆਗੂਆਂ ਦਰਮਿਆਨ ਕਿਸੇ ਤਰ੍ਹਾਂ ਦੀ ਗੱਲਬਾਤ ਹੋਣ ਬਾਰੇ ਪੁਸ਼ਟੀ ਨਹੀਂ ਕੀਤੀ ਹੈ। ਉਂਜ ਪਿਛਲੇ ਮਹੀਨੇ ਕਰੈਮਲਿਨ ਦੇ ਤਰਜਮਾਨ ਦਮਿਤਰੀ ਪੋਸਕੋਵ ਨੇ ਕਿਹਾ ਸੀ ਕਿ ਪੂਤਿਨ ਆਪਣੇ ਅਮਰੀਕੀ ਹਮਰੁਤਬਾ ਨਾਲ ਫੋਨ ’ਤੇ ਗੱਲਬਾਤ ਕਰਨ ਲਈ ਤਿਆਰ ਹਨ ਤੇ ਮਾਸਕੋ ਨੂੰ ਵਾਸ਼ਿੰਗਟਨ ਵੱਲੋਂ ਵੀ ਇਨ੍ਹਾਂ ਸ਼ਬਦਾਂ ਦੀ ਉਡੀਕ ਹੈ ਕਿ ਉਹ ਵੀ ਤਿਆਰ ਹਨ।
ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਰੂਸ-ਯੂਕਰੇਨ ਜੰਗ ਦੇ ਖਾਤਮੇ ’ਤੇ ਚਰਚਾ ਕਰਨ ਲਈ ਅਗਲੇ ਹਫਤੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਮਿਲਣਗੇ। ਰੂਸ, ਯੂਕਰੇਨ ਨਾਲ ਲੱਗੀ ਜੰਗ ਦੀ 24 ਫਰਵਰੀ ਨੂੰ ਤੀਜੀ ਵਰ੍ਹੇਗੰਢ ਮਨਾਏਗਾ। ਇਸ ਜੰਗ ਦੌਰਾਨ ਹਜ਼ਾਰਾਂ ਲੋਕ, ਜਿਨ੍ਹਾਂ ਵਿਚੋਂ ਬਹੁਗਿਣਤੀ ਯੂਕਰੇਨੀ ਸਨ, ਮਾਰੇ ਗਏ ਹਨ। ਟਰੰਪ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਉਸ ਦਾ ‘‘ਪੂਤਿਨ ਨਾਲ ਹਮੇਸ਼ਾ ਚੰਗਾ ਰਿਸ਼ਤਾ ਰਿਹਾ ਹੈ’ ਅਤੇ ਉਸ ਕੋਲ ਜੰਗ ਖਤਮ ਕਰਨ ਦੀ ਠੋਸ ਯੋਜਨਾ ਹੈ। ਅਮਰੀਕੀ ਸਦਰ ਨੇ ਹਾਲਾਂਕਿ ਹੋਰ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ।