#AMERICA

ਯੁਗਾਂਡਾ ਤੋਂ ਅਮਰੀਕਾ ਆ ਰਹੇ ਜਹਾਜ਼ ‘ਚ ਵਿਅਕਤੀ ਨੂੰ ਹੋਇਆ ਹਾਰਟ ਅਟੈਕ; ਜਹਾਜ਼ ‘ਚ ਮੌਜੂਦ ਡਾਕਟਰ ਨੇ ਬਚਾਈ ਜਾਨ

ਸੈਕਰਾਮੈਂਟੋ, 21 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਯੁਗਾਂਡਾ ਤੋਂ ਅਮਰੀਕਾ ਆ ਰਹੇ ਜਹਾਜ਼ ਵਿਚ ਇਕ ਵਿਅਕਤੀ ਨੂੰ ਹਾਰਟ ਅਟੈਕ ਹੋ ਜਾਣ ਉਪਰੰਤ ਜਹਾਜ਼ ਵਿਚ ਹੀ ਮੌਜੂਦਾ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ ਉਸ ਦੀ ਜਾਨ ਬਚਾ ਲੈਣ ਦੀ ਖਬਰ ਹੈ। ਓਕਲਾਹੋਮਾ ਦੇ ਕਾਰਡੀਆਲੋਜਿਸਟ ਡਾ. ਟੀ.ਜੇ. ਟਰੈਡ ਯੁਗਾਂਡਾ ਵਿਚ ਇਕ ਮੈਡੀਕਲ ਮਿਸ਼ਨ ‘ਤੇ ਗਏ ਸਨ। ਉਨ੍ਹਾਂ ਕੋਲ ਦਵਾਈ ਤੇ ਬਹੁਤ ਛੋਟੇ ਆਕਾਰ ਦੀ ਇਲੈਕਟਰੋਕਾਰਡੀਓਗਰਾਮ ਜਾਂ ਈ.ਸੀ.ਜੀ. ਮੌਜੂਦ ਸੀ। ਇਹ ਮਸ਼ੀਨ ਕਰੈਡਿਟ ਕਾਰਡ ਜਿੱਡੀ ਹੈ ਤੇ ਦਿਲ ਦੀ ਬਿਮਾਰੀ ਦਾ ਪਤਾ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੂੰ ਖੁਦ ਹਾਰਟ ਅਟੈਕ ਹੋ ਜਾਣ ਕਾਰਨ ਉਹ ਹਮੇਸ਼ਾਂ ਇਹ ਮਸ਼ੀਨ ਆਪਣੇ ਕੋਲ ਰੱਖਦੇ ਹਨ। ਵਿਅਕਤੀ ਨੇ ਛਾਤੀ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਤੇ ਡਾਕਟਰ ਸਮਝ ਗਿਆ ਕਿ ਇਸ ਨੂੰ ਦਿਲ ਦੀ ਸਮੱਸਿਆ ਪੈਦਾ ਹੋ ਗਈ ਹੈ। ਪੀੜਤ ਵਿਅਕਤੀ ਨੇ ਡਾਕਟਰ ਨੂੰ ਕਿਹਾ ਕਿ ਕੀ ਉਹ ਮਰ ਰਿਹਾ ਹੈ, ਤਾਂ ਟਰੈਡ ਨੇ ਜਵਾਬ ਦਿੱਤਾ ਕਿ ਅੱਜ ਤੂੰ ਨਹੀਂ ਮਰੇਂਗਾ। ਇਸ ਉਪਰੰਤ ਜਹਾਜ਼ ਵਿਚ ਹੀ ਇਲਾਜ ਲਈ ਜਗ੍ਹਾ ਬਣਾਈ ਗਈ ਤੇ ਦਵਾਈ ਦੇਣ ਦੇ ਨਾਲ-ਨਾਲ ਉਸ ਦੇ ਦਿਲ ਵਲ ਨੂੰ ਖੂਨ ਦਾ ਵਹਾਅ ਤੇਜ਼ ਕਰਨ ਲਈ ਲੱਤਾਂ ਉਪਰ ਕਰ ਦਿੱਤੀਆਂ ਗਈਆਂ। ਡਾਕਟਰ ਟਰੈਡ ਅਨੁਸਾਰ ਦਵਾਈ ਤੇ ਹੋਰ ਲੋੜੀਂਦੀ ਡਾਕਟਰੀ ਸਹਾਇਤਾ ਦੇਣ ਉਪਰੰਤ ਤਕਰੀਬਨ 45 ਮਿੰਟ ਬਾਅਦ ਪੀੜਤ ਵਿਅਕਤੀ ਦੀ ਛਾਤੀ ਦਾ ਦਰਦ ਰੁੱਕ ਗਿਆ ਤੇ ਦਿਲ ਦੀ ਧੜਕਣ ਚੰਗੀ ਹਾਲਤ ਵਿਚ ਆ ਗਈ। ਇਸ ਨੂੰ ਕਹਿੰਦੇ ਹਨ ‘ਜਾ ਕੋ ਰਾਖੇ ਸਾਈਆ ਮਾਰ ਸਕੈ ਨਾ ਕੋਇ’।