#PUNJAB

ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ ‘ਚ ਤੂਫ਼ਾਨ ਤੇ ਭਾਰੀ ਬਾਰਿਸ਼ ਦਾ ‘ਯੈਲੋ ਅਲਰਟ’

ਜਲੰਧਰ, 16 ਜੁਲਾਈ (ਪੰਜਾਬ ਮੇਲ)-ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ, ਜਦਕਿ ਪਹਾੜੀ ਸੂਬਿਆਂ ਵਿਚ ਜ਼ਮੀਨ ਖਿਸਕਣ ਅਤੇ ਤੇਜ਼ ਮੀਂਹ ਕਾਰਨ ਦਰਿਆ ਚੜ੍ਹੇ ਹੋਏ ਹਨ। ਇਸੇ ਵਿਚਕਾਰ ਮੌਸਮ ਵਿਗਿਆਨ ਵਿਭਾਗ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਸਮੇਤ ਕਈ ਸੂਬਿਆਂ ਵਿਚ ਹਨੇਰੀ-ਤੂਫ਼ਾਨ ਅਤੇ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਤੋਂ ਠੰਢੀਆਂ ਹਵਾਵਾਂ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਉੱਤਰਾਖੰਡ ਵਿਚ ਆਮ ਤੋਂ ਵੱਧ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਵਿਭਾਗੀ ਅੰਕੜਿਆਂ ਮੁਤਾਬਕ ਹਿਮਾਚਲ ਵਿਚ 16 ਤੋਂ 19 ਜੁਲਾਈ ਤਕ ਹਨੇਰੀ-ਤੂਫ਼ਾਨ ਅਤੇ ਤੇਜ਼ ਮੀਂਹ ਦੱਸਿਆ ਗਿਆ ਹੈ। ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਵਿਚ 17 ਅਤੇ 18 ਜੁਲਾਈ ਲਈ ਤੂਫ਼ਾਨ ਸਬੰਧੀ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਹਿਮਾਚਲ ਦੇ ਘੱਟੋ-ਘੱਟ ਤਾਪਮਾਨ 15.5, ਕੁਕੁਮਸੇਰੀ ਵਿਚ 10, ਕੇਲਾਂਗ ਵਿਚ 11, ਸ਼ਿਮਲਾ ਵਿਚ 17.6 ਅਤੇ ਧਰਮਸ਼ਾਲਾ ਵਿਚ 21.1 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਪਿਛਲੇ 24 ਘੰਟਿਆਂ ਦੌਰਾਨ ਸੁੰਦਰਨਗਰ ਵਿਚ 38.8, ਮੰਡੀ ਵਿਚ 16.6 ਐੱਮ. ਐੱਮ. ਮੀਂਹ ਰਿਕਾਰਡ ਹੋਇਆ, ਉਥੇ ਹੀ ਰਾਜਧਾਨੀ ਦਿੱਲੀ ਵਿਚ ਅੱਜ ਪਏ ਮੀਂਹ ਨੇ ਗਰਮੀ ਤੋਂ ਰਾਹਤ ਦਿਵਾਈ। ਉੱਤਰਾਖੰਡ ਵਿਚ 19 ਜੁਲਾਈ ਤਕ ਮੀਂਹ ਕਾਰਨ ਮੌਸਮ ਖ਼ਰਾਬ ਰਹੇਗਾ, ਜਦਕਿ 17 ਅਤੇ 18 ਨੂੰ ਓਰੇਂਜ ਦੌਰਾਨ ਆਮ ਤੋਂ ਤੇਜ਼ ਮੀਂਹ ਦੀ ਚਿਤਾਵਨੀ ਜਾਰੀ ਹੋਈ ਹੈ।