#PUNJAB

ਮੌਸਮ ਵਿਭਾਗ ਦਾ ਰੈੱਡ ਅਲਰਟ, ਅੰਮ੍ਰਿਤਸਰ ’ਚ ਲੋਹੜੀ ਮੌਕੇ ਸ਼ਾਮ ਨੂੰ ਤਾਪਮਾਨ 1 ਡਿਗਰੀ ਤੱਕ ਹੋਣ ਦੀ ਸੰਭਾਵਨਾ

ਅੰਮ੍ਰਿਤਸਰ , 13 ਜਨਵਰੀ (ਪੰਜਾਬ ਮੇਲ)- ਗੁਰੂ ਨਗਰੀ ਵਿਚ ਇਸ ਸਮੇਂ ਕਹਿਰ ਦੀ ਠੰਡ ਪੈ ਰਹੀ ਹੈ। ਜਨਵਰੀ ਮਹੀਨੇ ਦੀ ਠੰਡ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਸ਼ਹਿਰ ’ਚ ਬਰਫਬਾਰੀ ਤਾਂ ਨਹੀਂ ਹੋਈ ਪਰ ਤਾਪਮਾਨ ’ਚ ਕਾਫੀ ਗਿਰਾਵਟ ਆਈ ਹੈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ ਅਤੇ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਦੀਆਂ ਦੇ ਮੌਸਮ ’ਚ ਜਨਵਰੀ ਮਹੀਨੇ ਦਾ ਸ਼ੁੱਕਰਵਾਰ ਸਭ ਤੋਂ ਠੰਡਾ ਦਿਨ ਰਿਹਾ ਹੈ, ਉਥੇ ਹੀ ਮੌਸਮ ਵਿਭਾਗ ਨੇ ਰੈੱਡ ਅਲਰਟ ਵੀ ਜਾਰੀ ਕੀਤਾ ਹੈ ਕਿ 13 ਤਰੀਕ ਤੱਕ ਪੰਜਾਬ ਦੇ ਕਈ ਸ਼ਹਿਰਾਂ ’ਚ ਕੜਾਕੇ ਦੀ ਠੰਡ ਅਤੇ ਧੁੰਦ ਰਹੇਗੀ। ਸ਼ੁੱਕਰਵਾਰ ਨੂੰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 1.4 ਡਿਗਰੀ ਅਤੇ ਵੱਧ ਤੋਂ ਵੱਧ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਲੋਹੜੀ ’ਤੇ ਤਾਪਮਾਨ ਸ਼ਾਮ ਤੱਕ1 ਡਿਗਰੀ ਜਾਂ ਇਸ ਤੋਂ ਘੱਟ ਤੱਕ ਪਹੁੰਚ ਸਕਦਾ ਹੈ। ਅੰਮ੍ਰਿਤਸਰ ’ਚ ਲੋਹੜੀ ਬਹੁਤ ਮਸ਼ਹੂਰ ਹੈ, ਉਥੇ ਹੀ ਮੌਸਮ ਵਿਭਾਗ ਨੇ ਠੰਡ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਹਰ ਸਾਲ ਲੋਹੜੀ ਦੇ ਤਿਉਹਾਰ ’ਤੇ ਜਾਂ ਤਾਂ ਮੀਂਹ ਪੈਂਦਾ ਹੈ ਜਾਂ ਫਿਰ ਹਵਾ ਨਹੀਂ ਚੱਲਦੀ, ਜਿਸ ਕਾਰਨ ਪਤੰਗ ਉਡਾਉਣ ਵਾਲੇ ਲੋਕ ਨਿਰਾਸ਼ ਹੋ ਜਾਂਦੇ ਹਨ। ਲੋਕ ਸਵੇਰ ਤੋਂ ਹੀ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਡੀਜੇ ਵਜਾਉਂਦੇ ਹਨ ਅਤੇ ਪਤੰਗ ਉਡਾਉਂਦੇ ਹਨ ਪਰ ਇਸ ਵਾਰ ਠੰਡ ਬਹੁਤ ਹੀ ਪੈ ਰਹੀ ਹੈ।