#PUNJAB

ਮੋਹਿੰਦਰ ਭਗਤ ਦੀ ਸ਼ਰਾਫਤ ਅਤੇ ਇਮਾਨਦਾਰੀ ਨੂੰ ਵੇਖਦਿਆਂ ਲੋਕਾਂ ਨੇ ਦਿੱਤੀ ਜਿੱਤ : ਸਾਬਕਾ ਕੈਬਨਿਟ ਮੰਤਰੀ ਭਗਤ ਚੂਨੀ ਲਾਲ

ਜਲੰਧਰ, 13 ਜੁਲਾਈ (ਪੰਜਾਬ ਮੇਲ)- ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ 37 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੂਜੇ ਅਤੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਤੀਜੇ ਨੰਬਰ ‘ਤੇ ਰਹੇ ਹਨ। ਮੋਹਿੰਦਰ ਭਗਤ ਦੀ ਜਿੱਤ ਮਗਰੋਂ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਦਾ ਬਿਆਨ ਸਾਹਮਣੇ ਆਇਆ ਹੈ।  ਉਨ੍ਹਾਂ ਨੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੋਹਿੰਦਰ ਭਾਵੇਂ ਇਸ ਤੋਂ ਪਹਿਲਾਂ 2 ਵਾਰ ਚੋਣ ਹਾਰ ਵੀ ਗਿਆ ਪਰ ਉਸ ਨੇ ਲੋਕਾਂ ਦੀ ਸੇਵਾ ਜਾਰੀ ਰੱਖੀ। ਉਹ ਲੋਕਾਂ ਦੇ ਸੁੱਖ-ਦੁੱਖ ਵਿਚ ਸ਼ਾਮਲ ਹੁੰਦਾ ਰਿਹਾ, ਇਸ ਲਈ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਜਿੱਤਣ ਵਾਲੇ ਲੀਡਰਾਂ ਨੇ ਵੀ ਉਨ੍ਹਾਂ ਨਾਲ ਇੰਨਾ ਨਹੀਂ ਕੀਤਾ, ਜਿੰਨਾ ਮੋਹਿੰਦਰ ਨੇ ਕੀਤਾ ਹੈ, ਇਸ ਲਈ ਹੁਣ ਲੋਕਾਂ ਨੇ ਉਸ ਨੂੰ ਇੰਨਾ ਪਿਆਰ ਦਿੱਤਾ ਹੈ। ਲੋਕਾਂ ਨੇ ਮੋਹਿੰਦਰ ਭਗਤ ਦੀ ਸ਼ਰਾਫਤ ਅਤੇ ਇਮਾਨਦਾਰੀ ਨੂੰ ਵੇਖਦਿਆਂ ਇਹ ਜਿੱਤ ਦਿੱਤੀ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਲੋਕ ਕਹਿੰਦੇ ਸਨ ਕਿ ਭਗਤ ਚੂਨੀ ਲਾਲ ਨੇ ਬਹੁਤ ਕੰਮ ਕਰਵਾਏ ਸਨ, ਉਸ ਮਗਰੋਂ ਕਿਸੇ ਵੀ ਲੀਡਰ ਨੇ ਇੰਨਾ ਕੰਮ ਨਹੀਂ ਕੀਤਾ। ਇਸੇ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਵਾਰ ਮੋਹਿੰਦਰ ਭਗਤ ਨੂੰ ਜਿਤਾਉਣ ਤੇ ਉਹ ਵੀ ਉਸੇ ਤਰ੍ਹਾਂ ਲੋਕਾਂ ਦੇ ਕੰਮ ਕਰਵਾਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲਬਾਤ ਹੋਈ ਸੀ ਤੇ ਉਨ੍ਹਾਂ ਨੇ ਕਿਹਾ ਕਿ ਉਹ ਵੈਸਟ ਹਲਕੇ ਦੇ ਕੰਮ ਪਹਿਲ ਦੇ ਅਧਾਰ ‘ਤੇ ਕਰਵਾਉਣਗੇ। ਉਨ੍ਹਾਂ ਨੇ ਲੋਕਾਂ ਦਾ ਵਾਅਦਾ ਕੀਤਾ ਹੈ, ਕਿ ਤੁਸੀਂ ਮੋਹਿੰਦਰ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਓ, ਅਗਲੀਆਂ ਪੌੜੀਆਂ ਮੈਂ ਚੜ੍ਹਾਵਾਂਗਾ।