ਮੁੱਖ ਪ੍ਰਸ਼ਾਸਕ ਤੇ ਐਸਟੇਟ ਅਫਸਰ ਦੀਆਂ ਕਾਰਾਂ, ਫਰਨੀਚਰ ਤੇ ਏਅਰ ਕੰਡੀਸ਼ਨਰ ਵੀ ਹੋਣਗੇ ਕੁਰਕ
ਮੋਹਾਲੀ, 21 ਨਵੰਬਰ (ਪੰਜਾਬ ਮੇਲ)- ਸਥਾਈ ਲੋਕ ਅਦਾਲਤ ਪਬਲਿਕ ਯੂਟੀਲਿਟੀ ਸਰਵਿਸ ਨੇ ਸੈਕਟਰ 69 ਵਾਸੀ ਤਰਸੇਮ ਕਾਂਸਲ ਨੂੰ 82.38 ਲੱਖ ਰੁਪਏ ਦੀ ਕੀਮਤ ਵਾਲੇ ਫਲੈਟ ਦੀ ਵਿਕਰੀ ‘ਚ ਸੇਵਾਵਾਂ ਦੀ ਕਮੀ ਨਾਲ ਸਬੰਧਤ 2012 ਦੇ ਮਾਮਲੇ ਤਹਿਤ ਸੈਕਟਰ-62 ਦਫਤਰ ‘ਚ ਪੁੱਡਾ ਭਵਨ, ਮੁੱਖ ਪ੍ਰਸ਼ਾਸਕ ਤੇ ਐਸਟੇਟ ਅਫਸਰ ਦੀਆਂ ਕਾਰਾਂ, ਫਰਨੀਚਰ ਅਤੇ ਏਅਰ ਕੰਡੀਸ਼ਨਰ ਕੁਰਕ ਕਰਨ ਲਈ ਵਾਰੰਟ ਜਾਰੀ ਕੀਤੇ ਹਨ।
ਅਦਾਲਤ ਨੇ ਗਮਾਡਾ ਨੂੰ ਮੂਲ ਰਕਮ ਤੇ ਵਿਆਜ, ਜੋ ਕੁੱਲ 2.31 ਕਰੋੜ ਰੁਪਏ ਬਣਦਾ ਹੈ, ਦੀ ਅਦਾਇਗੀ ਅਤੇ ਅਦਾਲਤ ਨੂੰ ਇਸ ਬਾਰੇ 30 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ ਸੂਚਿਤ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਸ ਕੇਸ ‘ਚ ਗਮਾਡਾ ਦੇ ਦੋ ਬੈਂਕ ਖਾਤੇ ਕੁਰਕ ਕਰਨ ਦਾ ਹੁਕਮ ਵੀ ਦਿੱਤਾ। ਵਾਰੰਟ ‘ਚ ਅਦਾਲਤ ਨੇ ਕਿਹਾ, ”ਤੁਹਾਨੂੰ ਕਿਸੇ ਵੀ ਅਧਿਕਾਰ ਮਗਰੋਂ ਕੁਰਕ ਬੈਂਕ ਖਾਤੇ ਵਿਚੋਂ ਤਰਸੇਮ ਕੰਸਲ ਦੇ ਹੱਕ ‘ਚ 2.31 ਕਰੋੜ ਰੁਪਏ ਦੀ ਹੱਦ ਤੱਕ ਡਿਮਾਂਡ ਡਰਾਫਟ ਬਣਾਉਣ ਅਤੇ 30 ਦਸੰਬਰ ਜਾਂ ਉਸ ਤੋਂ ਪਹਿਲਾਂ ਅਦਾਲਤ ‘ਚ ਭੇਜਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।”
ਦੋ ਬੈਂਕ ਅਧਿਕਾਰੀਆਂ ਵਿਚੋਂ ਇਕ ਐਕਸਿਸ ਬੈਂਕ ਨੋਡਲ ਬਰਾਂਚ ਮੋਹਾਲੀ ਦੇ ਬਰਾਂਚ ਮੈਨੇਜਰ ਜਿਸ ਨੇ ਅਦਾਲਤ ਨੂੰ ਸੂਚਨਾ ਭੇਜੀ ਸੀ ਕਿ ਕੁਰਕੀ ਲਈ ਦਿੱਤੇ ਗਏ ਬੈਂਕ ਖਾਤੇ ‘ਚ ਬਕਾਇਆ ਰਾਸ਼ੀ ਦੀ ਜਾਣਕਾਰੀ ਦਿੱਤੇ ਬਗ਼ੈਰ 30 ਲੱਖ ਰੁਪਏ ਕੁਰਕ ਕਰਨ ਦਾ ਅਧਿਕਾਰ ਹੈ, ਨੂੰ ਵੀ ਤਲਬ ਕੀਤਾ ਹੈ। ਅਦਾਲਤ ਨੇ ਐਕਸਿਸ ਬੈਂਕ ਬਰਾਂਚ ਮੈਨੇਜਰ ਨੂੰ ਸੰਮਨ ‘ਚ ਕਿਹਾ, ”ਅਰਜ਼ੀਕਾਰ ਦੇ ਹੱਕ ‘ਚ ਡਿਮਾਂਡ ਡਰਾਫਟ ਤਿਆਰ ਕੀਤਾ ਜਾਵੇ ਅਤੇ 30 ਦਸੰਬਰ ਜਾਂ ਉਸ ਤੋਂ ਪਹਿਲਾਂ 30 ਲੱਖ ਰੁਪਏ ਜਾਂ ਉਸ ਤੋਂ ਵੱਧ ਦੀ ਰਾਸ਼ੀ ਅਦਾਲਤ ਕੋਲ ਭੇਜੀ ਜਾਵੇ। ਤੁਹਾਨੂੰ ਖ਼ੁਦ ਜਾਂ ਅਟਾਰਨੀ ਰਾਹੀਂ 30 ਦਸੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।”