#PUNJAB

ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਜਲੰਧਰ, 31 ਜਨਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਇਕ ਦਿਨ ਪਹਿਲਾਂ ਜਲੰਧਰ ਵਿਚ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਅਰਬਨ ਅਸਟੇਟ ਵਿਚ ਸਥਿਤ ਕੈਂਬ੍ਰਿਜ ਸਕੂਲ ਨੂੰ ਅੱਜ ਸਵੇਰੇ ਈ-ਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਜਾਂਚ ਜਾਰੀ ਕਰ ਦਿੱਤੀ ਹੈ। ਇਥੇ ਦੱਸ ਦੇਈਏ ਕਿ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਅੱਜ ਸਾਰੇ ਸਕੂਲ-ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅੱਜ ਛੁੱਟੀ ਹੋਣ ਕਰਕੇ ਸਕੂਲ ਵਿਚ ਕੋਈ ਵਿਦਿਆਰਥੀ ਮੌਜੂਦ ਨਹੀਂ ਸੀ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਲਕੇ ਯਾਨੀ ਕਿ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੌਰੇ ‘ਤੇ ਆ ਰਹੇ ਹਨ। ਪੀ. ਐੱਮ. ਮੋਦੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਯੰਤੀ ‘ਤੇ ਭਲਕੇ ਡੇਰਾ ਸੱਚਖੰਡ ਬੱਲਾਂ ਵਿਚ ਨਤਮਸਤਕ ਹੋਣਗੇ। ਮੌਕੇ ਉਤੇ ਪੁਲਸ ਅਤੇ ਸੁਰੱਖਿਆ ਏਜੰਸੀਆਂ ਐਕਟਿਵ ਹੋ ਗਈਆਂ ਹਨ ਅਤੇ ਸਰਚ ਆਪਰੇਸ਼ ਚਲਾਇਆ ਗਿਆ ਹੈ। ਮੋਦੀ ਦੀ ਪੰਜਾਬ ਫੇਰੀ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।