#INDIA

ਮੋਦੀ ਅਗਲੇ ਹਫ਼ਤੇ ਕਰਨਗੇ ਅਮਰੀਕੀ ਸਦਰ ਟਰੰਪ ਨਾਲ ਮੁਲਾਕਾਤ

ਅਮਰੀਕਾ ਫੇਰੀ ਤੋਂ ਪਹਿਲਾਂ ਫਰਾਂਸ ਵੀ ਜਾਣਗੇ ਮੋਦੀ; ਕਰਨਗੇ ਫਰਾਂਸੀਸੀ ਰਾਸ਼ਟਰਪਤੀ ਨਾਲ ਮੁਲਾਕਾਤ
ਨਵੀਂ ਦਿੱਲੀ, 7 ਫਰਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਤੋਂ ਦੋ-ਰੋਜ਼ਾ ਸਰਕਾਰੀ ਦੌਰੇ ‘ਤੇ ਅਮਰੀਕਾ ਜਾਣਗੇ। ਇਸ ਦੌਰਾਨ ਉਹ ਅਮਰੀਕਾ ਦੇ ਸਦਰ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ।
ਇਹ ਜਾਣਕਾਰੀ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਨੇ ਦਿੱਤੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਦੀ ਦੀ ਫੇਰੀ ਭਾਰਤ ਤੇ ਅਮਰੀਕਾ ਦੇ ਦੁਵੱਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਇਨ੍ਹਾਂ ਨੂੰ ਨਵੀਂ ਦਿਸ਼ਾ ਦੇਵੇਗੀ।
ਅਮਰੀਕਾ ਜਾਣ ਤੋਂ ਪਹਿਲਾਂ ਮੋਦੀ 10 ਤੋਂ 12 ਫਰਵਰੀ ਤੱਕ ਫਰਾਂਸ ਦੌਰੇ ‘ਤੇ ਹੋਣਗੇ, ਜਿੱਥੇ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ‘ਏ.ਆਈ. ਐਕਸ਼ਨ ਸਮਿਟ’ ਦੀ ਸਹਿ-ਪ੍ਰਧਾਨਗੀ ਕਰਨਗੇ।
ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ‘ਇੰਟਰਨੈਸ਼ਨਲ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰਿਐਕਟਰ’  ਵਾਲੇ ਸਥਾਨ ਕਦਾਹਾਸ਼ ਦਾ ਦੌਰਾ ਕਰਨਗੇ, ਜਿਸ ਵਿਚ ਭਾਰਤ ਵੀ ਭਾਈਵਾਲ ਹੈ।