ਪੰਜਾਬ ਪੁਲਿਸ ਵੱਲੋਂ ਬਿਹਾਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਕਾਰਵਾਈ
– ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਸੂਬੇ ਵਿਚੋਂ ਅਪਰਾਧਿਕ ਨੈੱਟਵਰਕਾਂ ਨੂੰ ਨੇਸਤੇ-ਨਾਬੂਤ ਕਰਨ ਲਈ ਵਚਨਬੱਧ
– ਪੰਜਵੇਂ ਦੋਸ਼ੀ ਦੀ ਵੀ ਹੋਈ ਸ਼ਨਾਖ਼ਤ, ਪੁਲਿਸ ਟੀਮਾਂ ਵੱਲੋਂ ਉਕਤ ਪੰਜਵੇਂ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ: ਡੀ.ਜੀ.ਪੀ. ਗੌਰਵ ਯਾਦਵ
ਚੰਡੀਗੜ/ਮੋਗਾ, 19 ਜੂਨ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐੱਫ.) ਅਤੇ ਮੋਗਾ ਪੁਲਿਸ ਨੇ ਬਿਹਾਰ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਚਲਾਏ ਸਾਂਝੇ ਅਪਰੇਸ਼ਨ ਤਹਿਤ ਮੋਗਾ ਜਵੈਲਰ ਕਤਲ ਕੇਸ ਵਿਚ ਸ਼ਾਮਲ 4 ਦੋਸ਼ੀਆਂ ਨੂੰ ਗਿਰਫਤਾਰ ਕਰਕੇ ਉਕਤ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ ।
ਇਹ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਕਤਲ ਨੂੰ ਅੰਜਾਮ ਦੇਣ ਵਾਲਿਆਂ ਵਿਚ ਸ਼ਾਮਲ 3 ਦੋਸ਼ੀਆਂ ਨੂੰ ਪਟਨਾ, ਬਿਹਾਰ ਤੋਂ ਅਤੇ ਇੱਕ ਦੋਸ਼ੀ ਨੂੰ ਨਾਂਦੇੜ, ਮਹਾਂਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 12 ਜੂਨ, 2023 ਨੂੰ ਮੋਗਾ ਵਿਚ ਪੰਜ ਅਣਪਛਾਤੇ ਵਿਅਕਤੀਆਂ ਨੇ ਇੱਕ ਸਵਰਨਕਾਰੀ (ਜਿਊਲਰੀ) ਦੁਕਾਨ ਦੇ ਮਾਲਕ ਪਰਮਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਉਸ ਦੀ ਦੁਕਾਨ ‘ਏਸ਼ੀਆ ਜਵੈਲਰਜ਼’ ‘ਚੋਂ ਬੰਦੂਕ ਦੀ ਨੋਕ ‘ਤੇ ਸੋਨੇ ਦੇ ਗਹਿਣੇ ਲੁੱਟ ਲਏ ਸਨ। ਗ਼ੌਰਤਲਬ ਹੈ ਕਿ ਮੌਕਾ ਵਾਰਦਾਤ ਤੋਂ ਫਰਾਰ ਹੋਣ ਤੋਂ ਪਹਿਲਾਂ ਦੋਸ਼ੀਆਂ ਨੇ ਮ੍ਰਿਤਕ ਪਰਮਿੰਦਰ ਸਿੰਘ ਤੋਂ ਉਸਦਾ ਲਾਇਸੈਂਸੀ ਰਿਵਾਲਵਰ ਵੀ ਖੋਹ ਲਿਆ ਸੀ ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਤਿੰਨ ਮੁਲਜਮਾਂ ਜਿੰਨਾਂ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਮੰਗਾ ਉਰਫ ਰਾਜੂ ਵਾਸੀ ਮੋਗਾ, ਰਾਜਵੀਰ ਸਿੰਘ ਉਰਫ ਅਵਿਨਾਸ਼ ਸਿੰਘ ਵਾਸੀ ਬਿਹਾਰ ਅਤੇ ਵਰੁਣ ਜੈਜ਼ੀ ਉਰਫ ਵਾਨੂ ਵਾਸੀ ਜਲੰਧਰ ਵਜੋਂ ਹੋਈ, ਨੂੰ ਬਿਹਾਰ ਦੇ ਪਟਨਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਚੌਥੇ ਮੁਲਜ਼ਮ, ਜਿਸਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ, ਨੂੰ ਮਹਾਰਾਸ਼ਟਰ ਦੇ ਜ਼ਿਲ੍ਹਾ ਨਾਂਦੇੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਵਾਰਦਾਤ ਦੌਰਾਨ ਵਰਤੇ ਗਏ ਦੋ ਪਿਸਤੌਲ, ਜਿਨਾਂ ਵਿਚ ਇੱਕ .315 ਬੋਰ (ਦੇਸੀ ) ਅਤੇ ਇੱਕ .32 ਬੋਰ ਪਿਸਤੌਲ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ ਮ੍ਰਿਤਕ ਪਰਮਿੰਦਰ ਸਿੰਘ ਦਾ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕੀਤਾ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਜੁਰਾਇਮ-ਪੇਸ਼ਾ (ਹਿਸਟਰੀ ਸ਼ੀਟਰ) ਹਨ ਅਤੇ ਇਨ੍ਹਾਂ ਖ਼ਿਲਾਫ਼ ਪੰਜਾਬ ਅਤੇ ਬਿਹਾਰ ਰਾਜ ਵਿਚ ਡਕੈਤੀ, ਚੋਰੀ, ਅਸਲਾ ਐਕਟ, ਐੱਨ.ਡੀ.ਪੀ.ਐੱਸ. ਐਕਟ ਆਦਿ ਦੇ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਜਵੀਰ ਇਸ ਤੋਂ ਪਹਿਲਾਂ ਜਲੰਧਰ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਪੁਲਿਸ ਹਿਰਾਸਤ ਵਿਚੋਂ ਭੱਜ ਗਿਆ ਸੀ ਅਤੇ ਉਦੋਂ ਤੋਂ ਹੀ ਫਰਾਰ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਪੰਜਵੇਂ ਦੋਸ਼ੀ ਗੋਲੂ ਵਾਸੀ ਪਟਨਾ, ਬਿਹਾਰ ਦੀ ਵੀ ਸ਼ਨਾਖ਼ਤ ਕਰ ਲਈ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਫ਼ਰਾਰ ਮੁਲਜ਼ਮ ਜੇਲ ਦੀਆਂ ਸੀਖਾਂ ਪਿੱਛੇ ਹੋਵੇਗਾ।