#PUNJAB

ਮੋਗਾ ‘ਚ ਦੋ ਧਿਰਾਂ ਦਰਮਿਆਨ ਗੋਲੀਬਾਰੀ ‘ਚ ਸਰਪੰਚ ਤੇ ਪੰਚ ਦੀ ਮੌਤ; ਤਿੰਨ ਜ਼ਖ਼ਮੀ

ਮੋਗਾ, 20 ਅਕਤੂਬਰ (ਪੰਜਾਬ ਮੇਲ)- ਇਥੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਖੋਸਾ ਕੋਟਲਾ ਵਿਚ ਦੋ ਧਿਰਾਂ ਨੇ ਅੱਜ ਸਵੇਰੇ ਫ਼ਿਲਮੀ ਅੰਦਾਜ਼ ਵਿਚ ਸਮਾਂ ਤੇ ਸਥਾਨ ਮਿੱਥ ਕੇ ਆਹਮੋ-ਸਾਹਮਣੇ ਗੋਲੀਬਾਰੀ ਕੀਤੀ। ਇਸ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਮੌਜੂਦਾ ਸਰਪੰਚ ਤੇ ਇੱਕ ਪੰਚ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਅਤੇ ਦੂਜੀ ਧਿਰ ਦਾ ਪਿਉ-ਪੁੱਤ ਤੇ ਪਿੰਡ ਦਾ ਚੌਕੀਦਾਰ ਗੰਭੀਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚ ਵਟਸਐਪ ਗਰੁੱਪ ‘ਤੇ ਦੂਸ਼ਣਬਾਜ਼ੀ ਮਗਰੋਂ ਅੱਜ ਸਵੇਰੇ ਅੱਠ ਵਜੇ ਸਮਾਂ ਅਤੇ ਸਥਾਨ ਤੈਅ ਕੀਤਾ ਗਿਆ ਸੀ।
ਡੀ.ਐੱਸ.ਪੀ. ਧਰਮਕੋਟ ਰਵਿੰਦਰ ਸਿਘ ਅਤੇ ਥਾਣਾ ਕੋਟ ਈਸੇ ਖਾਂ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਕਿਹਾ ਕਿ ਦੋਵਾਂ ਧਿਰਾਂ ਵਿਚ ਪਹਿਲਾਂ ਤੋਂ ਰੰਜਿਸ਼ ਚੱਲੀ ਆ ਰਹੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਵੀਰ ਸਿੰਘ (ਸਰਪੰਚ) ਅਤੇ ਰਣਜੀਤ ਸਿੰਘ (ਪੰਚ) ਵਜੋਂ ਹੋਈ ਹੈ।

Leave a comment