#AMERICA

ਮੈ ਡੈਮੋਕਰੈਟਿਕ ਪਾਰਟੀ ਦੁਆਰਾ ਨਾਮਜ਼ਦ ਹਾਂ, ਕੁਝ ਲੋਕ ਮੈਨੂੰ ਮੁਕਾਬਲੇ ਵਿਚੋਂ ਹਟਾ ਦੇਣਾ ਚਾਹੁੰਦੇ ਹਨ, ਅਜਿਹਾ ਕਦੀ ਨਹੀਂ ਹੋਵੇਗਾ : ਬਾਇਡਨ

ਸੈਕਰਾਮੈਂਟੋ, 7 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਈਡਨ ਨੇ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਉਨਾਂ ਦੇ  ਕੁਝ ਸਾਥੀ ਡੈਮੋਕਰੈਟਸ 2024 ਦੀਆਂ ਚੋਣਾਂ ਵਿਚੋਂ ਉਸ ਨੂੰ ਬਾਹਰ ਕਰ ਦੇਣਾ ਚਾਹੁੰਦੇ ਹਨ ਪਰੰਤੂ ਅਜਿਹਾ ਨਹੀਂ ਹੋਵੇਗਾ, ਮੈਂ ਡਟਿਆ ਰਹਾਂਗਾ। ਮੈਡੀਸਨ, ਵਿਸਕਾਨਸਿਨ ਵਿਚ ਇਕ ਮਿਡਲ ਸਕੂਲ ਜਿਮਨੇਜ਼ੀਅਮ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ ਕਿਹਾ ਕਿ ”ਮੈਂ ਡੈਮੋਕਰੈਟਿਕ ਪਾਰਟੀ ਦੁਆਰਾ ਨਾਮਜ਼ਦ ਹਾਂ ਤੇ ਪੂਰੇ ਅਮਰੀਕਾ ਵਿਚੋਂ ਮੈਨੂੰ ਤੁਹਾਡੇ ਵਾਂਗ ਲੱਖਾਂ-ਕਰੋੜਾਂ ਡੈਮੋਕਰੈਟਸ ਨੇ ਵੋਟਾਂ ਪਾ ਕੇ ਨਾਮਜ਼ਦ ਕੀਤਾ ਹੈ।” ਉਨ੍ਹਾਂ ਕਿਹਾ ”ਹੋਰ ਕਿਸੇ ਨੇ ਨਹੀਂ, ਤੁਸੀਂ ਮੈਨੂੰ ਆਪਣੇ ਉਮੀਦਵਾਰ ਵਜੋਂ ਵੋਟਾਂ ਪਾਈਆਂ ਹਨ। ਇਸ ਦੇ ਬਾਵਜੂਦ ਕੁਝ ਲੋਕ ਇਸ ਹਕੀਕਤ ਨੂੰ ਸਮਝ ਨਹੀਂ ਰਹੇ। ਉਹ ਮੈਨੂੰ ਚੋਣ ਮੈਦਾਨ ਵਿਚੋਂ ਬਾਹਰ ਕੱਢ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।” ਉਨ੍ਹਾਂ ਕਿਹਾ, ਮੈਂ ਸਪੱਸ਼ਟ ਤੌਰ ‘ਤੇ ਆਪਣਾ ਪੱਖ ਰੱਖਣ ਜਾ ਰਿਹਾ ਹਾਂ ਤੇ ਉਹ ਇਹ ਹੈ ਕਿ ਮੈਂ ਮੁਕਾਬਲੇ ਵਿਚੋਂ ਨਹੀਂ ਹਟਾਂਗਾ ਤੇ ਮੈ ਡੋਨਲਡ ਟਰੰਪ ਨੂੰ ਹਰਾਵਾਂਗਾ।” ਰੈਲੀ ਵਿਚ ਵਿਸਕਾਨਸਿਨ ਦੇ ਡੈਮੋਕਰੈਟਿਕ ਗਵਰਨਰ ਟੋਨੀ ਐਵਰਜ ਨੇ ਬਾਇਡਨ ਦੀ ਜਾਣ-ਪਛਾਣ ਕਰਵਾਈ। ਬਾਇਡਨ ਨੇ ਕਿਹਾ ”ਕੁਝ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਬਾਇਡਨ ਕੀ ਕਰਨ ਜਾ ਰਿਹਾ ਹੈ? ਕੀ ਉਹ ਮੁਕਾਬਲੇ ਵਿਚ ਬਣਿਆ ਰਹੇਗਾ? ਕੀ ਉਹ ਮਕਾਬਲੇ ਵਿਚੋਂ ਹਟ ਰਿਹਾ ਹੈ? ਇਸ ਦੇ ਜਵਾਬ ਵਿਚ ਮੇਰਾ ਉਤਰ ਇਹ ਹੈ ਕਿ ਮੈਂ ਚੋਣ ਲੜਨ ਜਾ ਰਿਹਾ ਹਾਂ ਤੇ ਚੋਣ ਜਿੱਤਾਂਗਾ। ਰੈਲੀ ਤੋਂ ਬਾਅਦ ਵਾਸ਼ਿੰਗਟਨ ਜਾਣ ਲਈ ਏਅਰ ਫੋਰਸ ਦੇ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਇਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਬਾਇਡਨ ਨੇ ਚੋਣ ਮੁਕਾਬਲੇ ਵਿਚੋਂ ਹਟਣ ਦੀ ਸੰਭਾਵਨਾ ਨੂੰ ਮੁਕੰਮਲ ਤੌਰ ‘ਤੇ ਰੱਦ ਕਰ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਡੋਨਲਡ ਟਰੰਪ ਨਾਲ ਬਹਿਸ ਦੌਰਾਨ ਉਨ੍ਹਾਂ ਨੂੰ ਆਪਣੀ ਗੱਲ ਪੂਰੀ ਕਰਨ ਵਿਚ ਦਿੱਕਤ ਆਈ ਸੀ ਤੇ ਇਕ ਸਮੇਂ ਉਨ੍ਹਾਂ ਇਹ ਕਿਹਾ ਕਿ ਮੈਂ ਉਸ ਨੂੰ 2020 ਵਿਚ ਦੁਬਾਰਾ ਫਿਰ ਹਰਾਵਾਂਗਾ, ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਨੂੰ ਠੀਕ ਕਰਕੇ ਕਿਹਾ ‘ਅਸੀਂ 2024 ਵਿਚ ਦੁਬਾਰਾ ਫਿਰ ਅਜਿਹਾ ਕਰਾਂਗੇ।’ ਇਸ ਬਹਿਸ ਤੋਂ ਬਾਅਦ ਕੁਝ ਡੈਮੋਕਰੈਟਸ ਬਾਇਡਨ ਨੂੰ ਚੋਣ ਲੜਨ ਸਬੰਧੀ ਦੁਬਾਰਾ ਵਿਚਾਰ ਕਰਨ ਲਈ ਕਹਿ ਰਹੇ ਹਨ।