-2 ਬੱਚੇ ਗੰਭੀਰ ਜ਼ਖਮੀ
ਮੈਰੀਲੈਂਡ, 7 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਮੈਰੀਲੈਂਡ ਰਾਜ ਵਿਚ ਇੱਕ ਸੜਕ ਹਾਦਸੇ ਵਿਚ ਭਾਰਤੀ ਮੂਲ ਦੇ ਇੱਕ ਜੋੜੇ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ 5 ਜਨਵਰੀ ਦੀ ਸਵੇਰ ਨੂੰ ਵਾਪਰਿਆ, ਜਦੋਂ ਇੱਕ ਸ਼ਰਾਬੀ ਟਰੱਕ ਡਰਾਈਵਰ, ਗਲਤ ਦਿਸ਼ਾ ਵਿਚ ਗੱਡੀ ਚਲਾ ਰਿਹਾ ਸੀ ਅਤੇ ਉਹ ਉਨ੍ਹਾਂ ਦੀ ਕਾਰ ਨਾਲ ਟਕਰਾ ਗਿਆ।
ਮ੍ਰਿਤਕ ਜੋੜੇ ਦੀ ਪਛਾਣ ਕੋਟਿਕਲਾਪੁਡੀ ਕ੍ਰਿਸ਼ਨਾ ਕਿਸ਼ੋਰ (45) ਅਤੇ ਉਨ੍ਹਾਂ ਦੀ ਪਤਨੀ ਆਸ਼ਾ ਕੰਨ (40) ਵਜੋਂ ਹੋਈ ਹੈ। ਇਹ ਦੋਵੇਂ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਪਲਕੋਲੂ ਕਸਬੇ ਦੇ ਰਹਿਣ ਵਾਲੇ ਸਨ ਅਤੇ ਲੰਬੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਕ੍ਰਿਸ਼ਨਾ ਕਿਸ਼ੋਰ ਪਿਛਲੇ ਦਸ ਸਾਲਾਂ ਤੋਂ ਅਮਰੀਕਾ ਵਿਚ ਇੱਕ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ।
ਉਸ ਦਾ ਪੁੱਤਰ ਸੁਚਾਈ ਅਤੇ ਧੀ ਸ਼ਿਵਾਨੀ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਏ ਸਨ। ਦੋਵੇਂ ਬੱਚੇ ਮੈਰੀਲੈਂਡ ਦੇ ਇੱਕ ਹਸਪਤਾਲ ਵਿਚ ਇਲਾਜ ਅਧੀਨ ਹਨ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਹੁਣ ਖ਼ਤਰੇ ਤੋਂ ਬਾਹਰ ਹਨ।
ਕ੍ਰਿਸ਼ਨਾ ਕਿਸ਼ੋਰ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਸਿਰਫ਼ 10 ਦਿਨ ਪਹਿਲਾਂ ਹੀ ਭਾਰਤ ਆਇਆ ਸੀ। ਇਸ ਤੋਂ ਬਾਅਦ, ਪਰਿਵਾਰ ਨੇ ਦੁਬਈ ਵਿਚ ਨਵਾਂ ਸਾਲ ਮਨਾਇਆ ਅਤੇ ਅਮਰੀਕਾ ਵਾਪਸ ਆ ਰਿਹਾ ਸੀ, ਜਦੋਂ ਇਹ ਦੁਖਦਾਈ ਹਾਦਸਾ ਵਾਪਰਿਆ।
ਰਿਪੋਰਟਾਂ ਅਨੁਸਾਰ, ਤੇਲਗੂ ਐਸੋਸੀਏਸ਼ਨ ਆਫ ਨੌਰਥ ਅਮਰੀਕਾ (ਟੀ.ਏ.ਐੱਨ.ਏ.) ਅਤੇ ਸਥਾਨਕ ਭਾਰਤੀ ਭਾਈਚਾਰੇ ਦੇ ਵਲੰਟੀਅਰ ਜ਼ਖਮੀ ਬੱਚਿਆਂ ਦੀ ਮਦਦ ਲਈ ਫੰਡ ਇਕੱਠਾ ਕਰ ਰਹੇ ਹਨ। ਇਸ ਤੋਂ ਇਲਾਵਾ, ਜੋੜੇ ਦੀਆਂ ਲਾਸ਼ਾਂ ਨੂੰ ਭਾਰਤ ਭੇਜਣ ਦੇ ਪ੍ਰਬੰਧਾਂ ਵਿਚ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਮੈਰੀਲੈਂਡ ‘ਚ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੇ ਜੋੜੇ ਦੀ ਮੌਤ

