-ਐੱਨ.ਆਰ.ਆਈ. ਵਿਦਿਆਰਥੀਆਂ ਦਾ ਕੋਟਾ ਭਰਨ ਦਾ ਰਾਹ ਪੱਧਰਾ; ਪ੍ਰਾਈਵੇਟ ਕਾਲਜਾਂ ਨੂੰ ਮਿਲੇਗਾ ਲਾਭ
ਫ਼ਰੀਦਕੋਟ, 21 ਅਗਸਤ (ਪੰਜਾਬ ਮੇਲ)- ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਅਧੀਨ ਚੱਲਦੇ ਦਰਜਨਾਂ ਮੈਡੀਕਲ ਕਾਲਜਾਂ ਨੂੰ ਵੱਡੀ ਰਾਹਤ ਦਿੰਦਿਆਂ ਐੱਨ.ਆਰ.ਆਈ. ਕੋਟੇ ਵਿਚ ਸੋਧ ਕਰ ਦਿੱਤੀ ਹੈ। ਪਹਿਲਾਂ ਐੱਨ.ਆਰ.ਆਈ. ਵਿਦਿਆਰਥੀਆਂ ਲਈ 15 ਫੀਸਦੀ ਕੋਟਾ ਰੱਖਿਆ ਗਿਆ ਸੀ ਅਤੇ ਪ੍ਰਵਾਸੀ ਪੰਜਾਬੀ ਇੱਥੇ ਆ ਕੇ ਮੈਡੀਕਲ ਸਿੱਖਿਆ ਦੀ ਪੜ੍ਹਾਈ ਕਰ ਸਕਦੇ ਸਨ ਪਰ ਕਿਸੇ ਵੀ N.R.I. ਵਿਦਿਆਰਥੀ ਨੇ ਪੰਜਾਬ ਵਿਚ ਪੜ੍ਹਨ ਨੂੰ ਪਹਿਲ ਨਹੀਂ ਦਿੱਤੀ, ਜਿਸ ਕਰਕੇ ਪਿਛਲੇ ਸਾਲ ਐੱਮ.ਡੀ. ਦੀਆਂ 12 ਸੀਟਾਂ ਖਾਲੀ ਰਹਿ ਗਈਆਂ ਸਨ। ਬਾਬਾ ਫ਼ਰੀਦ ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਹੁਣ ਐੱਨ.ਆਰ.ਆਈ. ਪੰਜਾਬੀ ਆਪਣੇ ਪੰਜਾਬ ‘ਚ ਰਹਿੰਦੇ ਰਿਸ਼ਤੇਦਾਰਾਂ ਨੂੰ ਐੱਮ.ਡੀ., ਐੱਮ.ਬੀ.ਬੀ.ਐੱਸ. ਅਤੇ ਬੀ.ਡੀ.ਐੱਸ. ਦੀ ਪੜ੍ਹਾਈ ਲਈ ਸਿਫਾਰਿਸ਼ ਵੀ ਕਰ ਸਕਦਾ ਹੈ ਅਤੇ ਇਸ ਸਿਫਾਰਿਸ਼ ‘ਤੇ ਐੱਨ.ਆਰ.ਆਈ. ਦੇ ਪੰਜਾਬ ਰਹਿੰਦੇ ਰਿਸ਼ਤੇਦਾਰ ਨੂੰ ਵੀ ਮੈਡੀਕਲ ਪੜ੍ਹਾਈ ਲਈ ਦਾਖ਼ਲਾ ਮਿਲ ਜਾਵੇਗਾ ਪਰੰਤੂ ਉਸ ਨੂੰ ਫੀਸ ਐੱਨ.ਆਰ.ਆਈ. ਕੋਟੇ ਵਾਲੀ ਹੀ ਦੇਣੀ ਪਵੇਗੀ। ਯੂਨੀਵਰਸਿਟੀ ਦੇ ਇਸ ਫੈਸਲੇ ਨਾਲ ਪੰਜਾਬ ਦੇ ਕਰੀਬ ਛੇ ਨਿੱਜੀ ਮੈਡੀਕਲ ਕਾਲਜਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਕੋਲ ਐੱਨ.ਆਰ.ਆਈ. ਵਿਦਿਆਰਥੀਆਂ ਨੂੰ ਬੀ.ਡੀ.ਐੱਸ., ਐੱਮ.ਬੀ.ਬੀ.ਐੱਸ. ਅਤੇ ਐੱਮ.ਡੀ. ਵਿਚ ਦਾਖਲਾ ਦੇਣ ਲਈ ਕੋਟਾ ਸੀ ਪਰੰਤੂ ਵਿਦਿਆਰਥੀ ਨਾ ਆਉਣ ਕਾਰਨ ਉਨ੍ਹਾਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਸੀ ਪਰੰਤੂ ਹੁਣ ਇਹ ਕੋਟਾ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੂੰ ਅਲਾਟ ਹੋਣ ਕਰਕੇ ਉਹ ਇੱਥੇ ਦਾਖ਼ਲਾ ਲੈ ਸਕਣਗੇ। ਐੱਮ.ਬੀ.ਬੀ.ਐੱਸ., ਬੀ.ਡੀ.ਐੱਸ. ਅਤੇ ਐੱਮ.ਡੀ. ਲਈ N.R.I. ਕੋਟੇ ਲਈ 1 ਕਰੋੜ 10 ਲੱਖ ਰੁਪਏ ਫੀਸ ਨਿਰਧਾਰਿਤ ਹੈ, ਜਦੋਂਕਿ ਸਥਾਨਕ ਵਿਦਿਆਰਥੀਆਂ ਲਈ ਇਹ ਫੀਸ ਸਿਰਫ 58 ਲੱਖ ਰੁਪਏ ਹੈ। ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਜੀਵ ਸੂਦ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਮੈਡੀਕਲ ਪੜ੍ਹਾਈ ਲਈ ਸਿਫਾਰਿਸ਼ ਕਰ ਸਕਦੇ ਹਨ ਅਤੇ ਇਸ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੰਬੈਸੀ ਵੱਲੋਂ ਐੱਨ.ਆਰ.ਆਈ. ਹੋਣ ਦਾ ਸਰਟੀਫਿਕੇਟ, ਕੁਰਸੀਨਾਮਾ ਅਤੇ ਹੋਰ ਲੋੜੀਂਦੇ ਦਸਤਾਵੇਜ਼ ਸਥਾਨਕ ਰਿਸ਼ਤੇਦਾਰ ਨੂੰ ਦਾਖਲੇ ਲਈ ਪੇਸ਼ ਕਰਨੇ ਪੈਣਗੇ। ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਪ੍ਰਿਅੰਕਾ ਭਾਰਤੀ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਦੇ ਬਾਵਜੂਦ N.R.I. ਕੋਟੇ ਦੀਆਂ ਕੁਝ ਸੀਟਾਂ ਖਾਲੀ ਰਹਿਣ ਦੀਆਂ ਸੰਭਾਵਨਾਵਾਂ ਹਨ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਸ ਦੇ ਬਾਵਜੂਦ ਵੀ ਸੀਟਾਂ ਖਾਲੀ ਰਹਿੰਦੀਆਂ ਹਨ ਤਾਂ ਉਹ ਨੀਟ ਕੋਟੇ ਵਿਚ ਭਾਰਤ ਸਰਕਾਰ ਨੂੰ ਵਾਪਸ ਭੇਜੀਆਂ ਜਾਣਗੀਆਂ।