– 55 ਹਜ਼ਾਰ ਤੋਂ ਵੱਧ ਚੀਨੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ
– 11 ਦੇਸ਼ ਪਾਰ ਕਰ ਕੇ ਪਹੁੰਚੇ
ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ)- ਮੈਕਸੀਕਨ ਸਰਹੱਦ ਰਾਹੀਂ ਵੱਡੀ ਗਿਣਤੀ ‘ਚ ਚੀਨੀ ਨਾਗਰਿਕ ਅਮਰੀਕਾ ‘ਚ ਦਾਖਲ ਹੋ ਰਹੇ ਹਨ। ਅਮਰੀਕੀ ਅਧਿਕਾਰੀਆਂ ਮੁਤਾਬਕ ਪਿਛਲੇ 18 ਮਹੀਨਿਆਂ ‘ਚ 55 ਹਜ਼ਾਰ ਤੋਂ ਵੱਧ ਚੀਨੀ ਮੈਕਸੀਕੋ ਸਰਹੱਦ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਏ ਹਨ। ਇਹ ਗਿਣਤੀ 2022 ਤੋਂ ਬਾਅਦ ਸਭ ਤੋਂ ਵੱਡੀ ਹੈ, ਜਦੋਂ ਪੂਰਬੀ ਸੈਨ ਡਿਆਗੋ ਰੇਗਿਸਤਾਨ ਅਤੇ ਪਹਾੜਾਂ ਰਾਹੀਂ 3,813 ਚੀਨੀ ਨਾਗਰਿਕ ਅਮਰੀਕਾ ‘ਚ ਦਾਖਲ ਹੋਏ ਸਨ। ਅਮਰੀਕਾ ਦੇ ਸ਼ਰਨਾਰਥੀ ਕਾਨੂੰਨ ਦਾ ਫਾਇਦਾ ਉਠਾਉਂਦੇ ਹੋਏ ਅੰਤਰਰਾਸ਼ਟਰੀ ਮਨੁੱਖੀ ਸਮਗਲਿੰਗ ਕਰਨ ਵਾਲਾ ਗਿਰੋਹ ਇਨ੍ਹਾਂ ਚੀਨੀਆਂ ਨੂੰ ਅਮਰੀਕਾ ਪਹੁੰਚਾ ਰਿਹਾ ਹੈ।
ਵਾਸ਼ਿੰਗਟਨ ਪੋਸਟ ਨੇ ਕਰੀਬ ਤਿੰਨ ਦਰਜਨ ਅਜਿਹੇ ਚੀਨੀ ਸ਼ਰਨਾਰਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਕ ਵਿਸ਼ੇਸ਼ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਨ੍ਹਾਂ ‘ਚੋਂ ਕੁਝ ਪਰਿਵਾਰ ਸਮੇਤ ਆਏ ਹਨ ਅਤੇ ਕੁਝ ਇਕੱਲੇ ਹਨ। ਇਹ ਸਾਰੇ ਕੈਲੀਫੋਰਨੀਆ, ਨਿਊਯਾਰਕ ਅਤੇ ਅਮਰੀਕਾ ‘ਚ ਜਿਥੇ ਵੀ ਜਗ੍ਹਾ ਮਿਲ ਰਹੀ ਹੈ, ਉੱਥੇ ਜਾ ਕੇ ਸੈਟਲ ਹੋ ਰਹੇ ਹਨ। ਉਹ ਆਪਣੇ ਲਈ ਰੋਜ਼ਗਾਰ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦੀ ਭਾਲ ‘ਚ ਹਨ। ਕੋਵਿਡ-19 ਤੋਂ ਬਾਅਦ ਚੀਨ ਤੋਂ ਅਮਰੀਕਾ ਆਉਣ ਦਾ ਲੋਕਾਂ ‘ਚ ਰੁਝਾਨ ਵਧਿਆ ਹੈ। ਇਸ ਦਾ ਕਾਰਨ ਚੀਨ ਦੀ ਡਿੱਗਦੀ ਅਰਥਵਿਵਸਥਾ ਅਤੇ ਵਧਦਾ ਸਿਆਸੀ ਦਬਾਅ ਹੈ। ਵੱਡੀ ਗਿਣਤੀ ‘ਚ ਚੀਨੀਆਂ ਦੀ ਇਹ ਆਮਦ ਅਮਰੀਕਾ ਦੀ ਸਿਆਸੀ ਅਤੇ ਰਾਸ਼ਟਰੀ ਸੁਰੱਖਿਆ ਲਈ ਵੀ ਖਤਰਾ ਹੈ।
ਦੂਜੇ ਪਾਸੇ ਚੀਨ ਦੀ ਸ਼ੀ ਜਿਨਪਿੰਗ ਸਰਕਾਰ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਉਸ ਦੀ ਅਰਥਵਿਵਸਥਾ ਦਬਾਅ ਹੇਠ ਹੈ ਅਤੇ ਉਥੇ ਪ੍ਰਵਾਸ ਵਧ ਰਿਹਾ ਹੈ। ਚੀਨੀ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਚੀਨੀ ਨਾਗਰਿਕ ਇਸ ਲਈ ਅਮਰੀਕਾ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਮਨੁੱਖੀ ਸਮੱਗਲਰਾਂ ਵੱਲੋਂ ਭਰਮਾਇਆ ਜਾ ਰਿਹਾ ਹੈ।
ਲੀ ਮੁਹਾਨ ਅਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਚੀਨ ਤੋਂ 11 ਦੇਸ਼ਾਂ ਦੇ ਰਸਤੇ ਅਮਰੀਕਾ ਪਹੁੰਚੇ ਹਨ। ਕਈ ਥਾਵਾਂ ‘ਤੇ ਸਮੱਗਲਰ ਉਨ੍ਹਾਂ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਸਰਹੱਦ ਤੱਕ ਛੱਡ ਕੇ ਚਲੇ ਗਏ ਅਤੇ ਕਈ ਥਾਵਾਂ ‘ਤੇ ਉਨ੍ਹਾਂ ਨੂੰ ਵੱਡੇ ਰੇਗਿਸਤਾਨ ‘ਚੋਂ ਲੰਘਣਾ ਪਿਆ। ਮੁਹਾਨ ਸਿਰਫ਼ ਦਸ ਸਾਲ ਦੀ ਹੈ। ਹੁਣ ਉਸਦਾ ਪਰਿਵਾਰ ਕੈਲੀਫੋਰਨੀਆ ‘ਚ ਇਕ ਬੈੱਡਰੂਮ ਵਾਲੇ ਛੋਟੇ ਜਿਹੇ ਕਮਰੇ ‘ਚ ਰਹਿ ਰਿਹਾ ਹੈ। ਉਹ ਜਲਦੀ ਸਕੂਲ ਜਾਣਾ ਚਾਹੁੰਦੀ ਹੈ।
ਚੀਨ ਤੋਂ ਇਹ ਲੋਕ ਵੱਖ-ਵੱਖ ਰੂਟਾਂ ਤੋਂ ਆਉਣ ਵਾਲੀਆਂ ਉਡਾਨਾਂ ਰਾਹੀਂ ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਪਹੁੰਚਦੇ ਹਨ। ਕਿਊਟੋ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਉਹ ਸੜਕ ਰਾਹੀਂ ਕੋਲੰਬੀਆ ਦੀ ਸਰਹੱਦ ਪਾਰ ਕਰਦੇ ਹਨ ਅਤੇ ਮੈਕਸੀਕੋ ਸਿਟੀ ਪਹੁੰਚਦੇ ਹਨ। ਉਥੋਂ ਉਹ ਕੈਲੀਫੋਰਨੀਆ ਦੇ ਜੈਕੰਬਾ ਸਪਰਿੰਗ ਬਾਰਡਰ ਜਾਂ ਸੈਨ ਡਿਆਗੋ ਬਾਰਡਰ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੁੰਦੇ ਹਨ। ਉਹ ਦਾਖਲੇ ਲਈ ਸੈਨ ਡਿਆਗੋ ਦੀਆਂ ਪਹਾੜੀਆਂ ਨੂੰ ਤਰਜੀਹ ਦਿੰਦੇ ਹਨ।