-ਪ੍ਰਵਾਸੀਆਂ ਦੇ ਮੁੱਦੇ ‘ਤੇ ਚਰਚਾ
ਵਾਸ਼ਿੰਗਟਨ, 3 ਦਸੰਬਰ (ਪੰਜਾਬ ਮੇਲ)- ਟਰੰਪ ਨੇ ਇੱਕ ਪੋਸਟ ਵਿਚ ਦਾਅਵਾ ਕੀਤਾ ਸੀ ਕਿ ਕਲਾਉਡੀਆ ਸ਼ੇਨਬੌਮ ਮੈਕਸੀਕੋ ਅਤੇ ਅਮਰੀਕਾ ਵਿਚਾਲੇ ਪ੍ਰਵਾਸ ਨੂੰ ਰੋਕਣ ਲਈ ਸਹਿਮਤ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਉਹ ਸਾਡੀ ਦੱਖਣੀ ਸਰਹੱਦ ਨੂੰ ਬੰਦ ਕਰ ਰਹੇ ਹਨ। ਕਲਾਉਡੀਆ ਸ਼ੇਨਬੌਮ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੈ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨਾਲ ਗੱਲਬਾਤ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਉਹ ਮੈਕਸੀਕੋ ਤੋਂ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ ਨੂੰ ਰੋਕਣ ਲਈ ਸਹਿਮਤ ਹੋ ਗਏ ਹਨ। ਹਾਲਾਂਕਿ ਰਾਸ਼ਟਰਪਤੀ ਸ਼ੇਨਬੌਮ ਨੇ ਇਸ ਤੋਂ ਇਨਕਾਰ ਕੀਤਾ ਹੈ।
ਟਰੰਪ ਨੇ ਆਪਣੇ ਸੋਸ਼ਲ ਪਲੇਟਫਾਰਮ ‘ਟਰੁੱਥ’ ‘ਤੇ ਇਕ ਪੋਸਟ ‘ਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਮੈਕਸੀਕੋ ਦੇ ਨਵੇਂ ਰਾਸ਼ਟਰਪਤੀ ਨਾਲ ਚੰਗੀ ਗੱਲਬਾਤ ਹੋਈ। ਕਲਾਉਡੀਆ ਸ਼ੇਨਬੌਮ ਨੇ ਮੈਕਸੀਕੋ ਅਤੇ ਅਮਰੀਕਾ ਵਿਚਕਾਰ ਪ੍ਰਵਾਸ ਨੂੰ ਰੋਕਣ ਲਈ ਸਹਿਮਤੀ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਉਹ ਸਾਡੀ ਦੱਖਣੀ ਸਰਹੱਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਰਹੇ ਹਨ।
ਟਰੰਪ ਦੇ ਇਹ ਦਾਅਵਾ ਕਰਨ ਤੋਂ ਕੁਝ ਦੇਰ ਬਾਅਦ ਹੀ ਮੈਕਸੀਕੋ ਦੇ ਰਾਸ਼ਟਰਪਤੀ ਸ਼ੇਨਬੌਮ ਨੇ ਇਸ ਦਾ ਖੰਡਨ ਕੀਤਾ। ਸ਼ੇਨਬੌਮ ਨੇ ਐਕਸ ‘ਤੇ ਲਿਖਿਆ ਕਿ ਮੈਕਸੀਕੋ ਸਰਹੱਦ ਨੂੰ ਬੰਦ ਨਹੀਂ ਕਰਨਾ ਚਾਹੁੰਦਾ ਹੈ। ਉਹ ਸਰਕਾਰਾਂ ਅਤੇ ਭਾਈਚਾਰਿਆਂ ਵਿਚਕਾਰ ਪੁਲ ਦਾ ਕੰਮ ਕਰਨਾ ਚਾਹੁੰਦਾ ਹੈ।
ਦੋਵਾਂ ਨੇਤਾਵਾਂ ਵਿਚਾਲੇ ਇਹ ਗੱਲਬਾਤ ਮੈਕਸੀਕੋ ਤੋਂ ਆਉਣ ਵਾਲੇ ਸਮਾਨ ‘ਤੇ 25 ਫੀਸਦੀ ਟੈਰਿਫ ਲਗਾਉਣ ਦੀ ਟਰੰਪ ਦੀ ਧਮਕੀ ਤੋਂ ਬਾਅਦ ਹੋਈ ਹੈ। ਉਨ੍ਹਾਂ ਕਿਹਾ ਸੀ ਕਿ ਇਹ ਪਾਬੰਦੀਆਂ ਉਦੋਂ ਤੱਕ ਜਾਰੀ ਰਹਿਣਗੀਆਂ, ਜਦੋਂ ਤੱਕ ਮੈਕਸੀਕੋ ਫੈਂਟਾਨਿਲ ਵਰਗੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ‘ਚ ਦਾਖਲ ਹੋਣ ਤੋਂ ਨਹੀਂ ਰੋਕਦਾ।
ਜਵਾਬ ਵਿਚ, ਮੈਕਸੀਕੋ ਨੇ ਵੀ ਜਵਾਬੀ ਕਦਮ ਚੁੱਕਣ ਦੀ ਧਮਕੀ ਦਿੱਤੀ ਸੀ। ਮੈਕਸੀਕੋ ਦੇ ਆਰਥਿਕ ਮੰਤਰੀ ਮਾਰਸੇਲੋ ਐਬਰਾਡ ਨੇ ਕਿਹਾ ਹੈ ਕਿ ਜੇਕਰ ਟਰੰਪ ਆਪਣੀ ਧਮਕੀ ਨੂੰ ਲਾਗੂ ਕਰਦੇ ਹਨ, ਤਾਂ ਅਮਰੀਕਾ ਦੇ ਚਾਰ ਲੱਖ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਖੁੱਸ ਸਕਦੀਆਂ ਹਨ।
ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸ਼ੇਨਬੌਮ ਨੇ ਕਿਹਾ ਕਿ ਮੈਕਸੀਕੋ ਪਹਿਲਾਂ ਹੀ ਮਾਈਗ੍ਰੇਸ਼ਨ ਦੇ ਸਬੰਧ ਵਿਚ ਇੱਕ ਸੰਪੂਰਨ ਨੀਤੀ ਅਪਣਾ ਰਿਹਾ ਹੈ। ਇਸ ਨੀਤੀ ਕਾਰਨ ਪ੍ਰਵਾਸੀਆਂ ਦੇ ਕਾਫ਼ਲੇ ਨੂੰ ਸਰਹੱਦ ‘ਤੇ ਪਹੁੰਚਣ ਤੋਂ ਪਹਿਲਾਂ ਹੀ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਮੁੱਦਿਆਂ ‘ਤੇ ਸਹਿਯੋਗ ਵਧਾਉਣ ਅਤੇ ਫੈਂਟਾਨਾਇਲ ਡਰੱਗਜ਼ ਦੀ ਵਰਤੋਂ ਨੂੰ ਰੋਕਣ ਦੀ ਮੁਹਿੰਮ ਬਾਰੇ ਟਰੰਪ ਨਾਲ ਗੱਲਬਾਤ ਕੀਤੀ ਹੈ।