* ਗਵਰਨਰ ਨੇ ਕਿਹਾ; ਫੈਸਲੇ ਨੂੰ ਦੇਣਗੇ ਚੁਣੌਤੀ
ਸੈਕਰਾਮੈਂਟੋ, 9 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਸੰਘੀ ਅਦਾਲਤ ਨੇ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਤੇ ਟੈਕਸਾਸ ਰਾਜ ਨੂੰ ਆਦੇਸ਼ ਦਿੱਤਾ ਹੈ ਕਿ ਮੈਕਸੀਕੋ ਨਾਲ ਲੱਗਦੀ ਸਰਹੱਦ ਰਾਹੀਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿਚ ਦਾਖਲੇ ਨੂੰ ਰੋਕਣ ਲਈ ਰੀਓ ਗਰਾਂਡੇ ਦਰਿਆ ਵਿਚ ਲਾਈਆਂ ਤੈਰਦੀਆਂ ਰੋਕਾਂ ਨੂੰ ਘੱਟੋ-ਘੱਟ ਆਰਜੀ ਤੌਰ ‘ਤੇ ਹਟਾ ਲਿਆ ਜਾਵੇ। ਇਸ ਨੂੰ ਬਾਇਡਨ ਪ੍ਰਸ਼ਾਸਨ ਦੀ ਜਿੱਤ ਮੰਨਿਆ ਜਾ ਰਿਹਾ ਹੈ। ਸੀਨੀਅਰ ਯੂ.ਐੱਸ. ਜੱਜ ਡੇਵਿਡ ਐਲਨ ਈਜ਼ਰਾ ਨੇ ਆਪਣੇ 42 ਸਫਿਆਂ ਦੇ ਆਦੇਸ਼ ‘ਚ ਕਿਹਾ ਹੈ ਕਿ ਅਮਰੀਕੀ ਨਿਆਂ ਵਿਭਾਗ ਗੁਣਾਂ ਦੋਸ਼ਾਂ ਦੇ ਆਧਾਰ ‘ਤੇ ਫੈਸਲਾ ਲੈਣ ਵਿਚ ਸਫਲ ਹੋਵੇਗਾ। ਜੱਜ ਨੇ ਇਹ ਫੈਸਲਾ ਦਰਿਆ ‘ਚ ਲਾਈਆਂ ਰੋਕਾਂ ਦੇ ਮਾਮਲੇ ਵਿਚ ਗਵਰਨਰ ਅਬੋਟ ਤੇ ਟੈਕਸਾਸ ਰਾਜ ਖਿਲਾਫ ਜੁਲਾਈ ‘ਚ ਦਾਇਰ ਕੀਤੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਣਾਇਆ। ਜੱਜ ਨੇ ਕਿਹਾ ਕਿ ਦਰਿਆ ਵਿਚ ਲਾਈਆਂ ਤੈਰਦੀਆਂ ਰੋਕਾਂ ਸਮੁੰਦਰੀ ਕਿਸ਼ਤੀਆਂ ਦੇ ਰਾਹ ‘ਚ ਰੁਕਾਵਟ ਹਨ ਤੇ ਇਨ੍ਹਾਂ ਰੋਕਾਂ ਨੂੰ ਲਾਉਣ ਲਈ ਅਮਰੀਕੀ ਕਾਂਗਰਸ ਕੋਲੋਂ ਮਨਜ਼ੂਰੀ ਲੈਣੀ ਪਵੇਗੀ। ਗਵਰਨਰ ਨੇ ਈਗਲ ਲਾਂਘੇ ਨੇੜੇ ਕੌਮਾਂਤਰੀ ਰੀਓ ਗਰਾਂਡੇ ਦਰਿਆ ‘ਚ ਇਹ ਰੋਕਾਂ ਲਾਉਣ ਦਾ ਆਦੇਸ਼ ਦਿੱਤਾ ਸੀ, ਤਾਂ ਜੋ ਬਿਨਾਂ ਕਾਨੂੰਨੀ ਅਧਿਕਾਰ ਦੇ ਟੈਕਸਾਸ ਵਿਚ ਦਾਖਲ ਹੁੰਦੇ ਪ੍ਰਵਾਸੀਆਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ। ਅਦਾਲਤ ਦੇ ਫੈਸਲੇ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਅਬੋਟ ਨੇ ਕਿਹਾ ਹੈ ਕਿ ਉਹ ਇਸ ਵਿਰੁੱਧ ਅਪੀਲ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਅਦਾਲਤ ਦਾ ਨਿਰਣਾ ਰਾਸ਼ਟਰਪਤੀ ਬਾਇਡਨ ਦੀ ਟੈਕਸਾਸ ਦੁਆਰਾ ਚੁੱਕੇ ਜਾ ਰਹੇ ਦਰੁੱਸਤ ਕਦਮਾਂ ਨੂੰ ਮਾਨਤਾ ਨਾ ਦੇਣ ਦੀ ਕੋਸ਼ਿਸ਼ ਦੇ ਹੱਕ ਵਿਚ ਭੁਗਤੇਗਾ। ਇਹ ਫੈਸਲਾ ਸਹੀ ਨਹੀਂ ਹੈ ਤੇ ਇਸ ਨੂੰ ਰੱਦ ਕਰਵਾਉਣ ਲਈ ਉਹ ਅਪੀਲ ਦਾਇਰ ਕਰਨਗੇ।