#INDIA

ਮੇਹੁਲ ਚੋਕਸੀ ਵੱਲੋਂ ਬੈਲਜੀਅਮ ਦੀ ਸੁਪਰੀਮ ਕੋਰਟ ‘ਚ ਹਵਾਲਗੀ ਨੂੰ ਚੁਣੌਤੀ

ਨਵੀਂ ਦਿੱਲੀ, 3 ਨਵੰਬਰ (ਪੰਜਾਬ ਮੇਲ)- ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਬੈਲਜੀਅਮ ਦੀ ਸੁਪਰੀਮ ਕੋਰਟ ਵਿਚ ਐਂਟਵਰਪ ਅਪੀਲ ਕੋਰਟ ਦੇ 17 ਅਕਤੂਬਰ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ ਉਸ ਦੀ ਭਾਰਤ ਨੂੰ ਹਵਾਲਗੀ ਕਰਨ ਲਈ ਕਿਹਾ ਗਿਆ ਸੀ। ਐਂਟਵਰਪ ਵਿਚ ਅਪੀਲ ਕੋਰਟ ਦੇ ਸਰਕਾਰੀ ਵਕੀਲ ਨੇ ਕਿਹਾ ਕਿ ਚੋਕਸੀ ਨੇ 30 ਅਕਤੂਬਰ ਨੂੰ ਇਸ ਹਵਾਲਗੀ ਖ਼ਿਲਾਫ਼ ਚੁਣੌਤੀ ਦੇਣ ਦੀ ਅਪੀਲ ਦਾਇਰ ਕੀਤੀ ਸੀ।
ਬੈਲਜੀਅਮ ਦੀ ਐਂਟਵਰਪ ਅਦਾਲਤ ਨੇ ਪਹਿਲਾਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਹਵਾਲਗੀ ਨੂੰ ਹਰੀ ਝੰਡੀ ਦੇ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਭਾਰਤ ਦੀ ਉਸ ਦੀ ਗ੍ਰਿਫਤਾਰੀ ਦੀ ਮੰਗ ਜਾਇਜ਼ ਹੈ ਤੇ ਬੈਲਜੀਅਮ ਪੁਲਿਸ ਵਲੋਂ ਉਸ ਨੂੰ ਗ੍ਰਿਫ਼ਤਾਰ ਕਰਨਾ ਵੀ ਸਹੀ ਸੀ। ਐਂਟਵਰਪ ਪੁਲਿਸ ਨੇ ਮੇਹੁਲ ਨੂੰ ਇਸ ਸਾਲ 11 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਚੋਕਸੀ ਪੰਜਾਬ ਨੈਸ਼ਨਲ ਬੈਂਕ ਨਾਲ 13,000 ਕਰੋੜ ਰੁਪਏ ਦੀ ਬੈਂਕ ਕਰਜ਼ਾ ‘ਧੋਖਾਧੜੀ’ ਕੇਸ ਵਿਚ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ। ਚੋਕਸੀ ਦੇ ਬੈਲਜੀਅਮ ਵਿਚ ਹੋਣ ਬਾਰੇ ਪਿਛਲੇ ਸਾਲ ਪਤਾ ਲੱਗਾ ਸੀ। ਹੀਰਾ ਕਾਰੋਬਾਰੀ, ਜੋ 2018 ‘ਚ ਭਾਰਤ ਛੱਡਣ ਮਗਰੋਂ ਐਂਟੀਗਾ ਵਿਚ ਰਹਿ ਰਿਹਾ ਸੀ, ਮੈਡੀਕਲ ਇਲਾਜ ਲਈ ਉਥੇ ਗਿਆ ਸੀ।
ਸੀ.ਬੀ.ਆਈ. ਅਤੇ ਈ.ਡੀ. ਨੇ ਚੋਕਸੀ, ਮੋਦੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਰਮਚਾਰੀਆਂ, ਬੈਂਕ ਅਧਿਕਾਰੀਆਂ ਅਤੇ ਹੋਰਾਂ ਖਿਲਾਫ਼ 2018 ਵਿਚ ਮੁੰਬਈ ‘ਚ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਬ੍ਰੈਡੀ ਹਾਊਸ ਸ਼ਾਖਾ ਵਿਚ ਕਥਿਤ ਕਰਜ਼ਾ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਸੀ। ਐੱਫ.ਆਈ.ਆਰ. ਵਿਚ ਦੋਸ਼ ਲਗਾਇਆ ਗਿਆ ਸੀ ਕਿ ਚੋਕਸੀ, ਉਸ ਦੀ ਫਰਮ ਗੀਤਾਂਜਲੀ ਜੈਮਜ਼ ਅਤੇ ਹੋਰਾਂ ਨੇ ‘ਕੁਝ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਪੀ.ਐੱਨ.ਬੀ. ਨਾਲ ਧੋਖਾਧੜੀ ਕੀਤੀ। ਧੋਖਾਧੜੀ ਨਾਲ ਐੱਲ.ਓ.ਯੂ. (ਅੰਡਰਟੈਕਿੰਗ ਲੈਟਰ) ਜਾਰੀ ਕਰਵਾ ਕੇ ਅਤੇ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਐੱਫ.ਐੱਲ.ਸੀ. (ਵਿਦੇਸ਼ੀ ਕ੍ਰੈਡਿਟ ਪੱਤਰ) ਵਧਾ ਕੇ ਬੈਂਕ ਨੂੰ ਗਲਤ ਨੁਕਸਾਨ ਪਹੁੰਚਾਇਆ।’