#AMERICA

ਮੇਲਾਨੀਆ ਟਰੰਪ ‘ਰਿਪਬਲਿਕਨ ਨੈਸ਼ਨਲ ਕਨਵੈਨਸ਼ਨ’ ‘ਚ ਹੋਈ ਸ਼ਾਮਲ

ਮਿਲਵਾਕੀ, 19 ਜੁਲਾਈ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਤੀਜੀ ਵਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਰਹੇ ਆਪਣੇ ਪਤੀ ਨੂੰ ਉਤਸ਼ਾਹਿਤ ਕਰਨ ਲਈ ਵੀਰਵਾਰ ਨੂੰ ‘ਰਿਪਬਲਿਕਨ ਨੈਸ਼ਨਲ ਕਨਵੈਨਸ਼ਨ’ (ਆਰ.ਐੱਨ.ਸੀ.) ਵਿਚ ਸ਼ਿਰਕਤ ਕੀਤੀ, ਪਰ ਦਹਾਕਿਆਂ ਪੁਰਾਣੀ ਰਵਾਇਤ ਨੂੰ ਤੋੜਦੇ ਹੋਏ ਉਨ੍ਹਾਂ ਨੇ ਕਾਨਫਰੰਸ ਵਿਚ ਭਾਸ਼ਣ ਨਹੀਂ ਦਿੱਤਾ। ਮੇਲਾਨੀਆ (54) ਟਰੰਪ ਵੱਲੋਂ ਇਸ ਸਾਲ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਤੋਂ ਬਾਅਦ ਤੋਂ ਹੀ ਜਨਤਕ ਸਮਾਗਮਾਂ ਅਤੇ ਸੁਰਖੀਆਂ ਤੋਂ ਕਾਫੀ ਦੂਰ ਰਹੀ ਹੈ।
ਸੋਮਵਾਰ ਨੂੰ ਆਰ.ਐੱਨ.ਸੀ. ਸ਼ੁਰੂ ਹੋਣ ਤੋਂ ਬਾਅਦ ਉਹ ਹੁਣ ਤੱਕ ਨਜ਼ਰ ਨਹੀਂ ਆਈ ਸੀ। ਹਾਲਾਂਕਿ, ਉਸਨੇ ਪਿਛਲੇ ਹਫ਼ਤੇ ਇੱਕ ਬਿਆਨ ਜਾਰੀ ਕਰਕੇ ਪੈਨਸਿਲਵੇਨੀਆ ਵਿਚ ਇੱਕ ਮੁਹਿੰਮ ਰੈਲੀ ਦੌਰਾਨ ਟਰੰਪ ‘ਤੇ ਹੋਏ ਕਤਲ ਦੇ ਯਤਨ ਤੋਂ ਬਾਅਦ ਲੋਕਾਂ ਨੂੰ ਇੱਕਜੁੱਟ ਰਹਿਣ ਦਾ ਸੱਦਾ ਦਿੱਤਾ ਸੀ। ਉਮੀਦਵਾਰਾਂ ਦੇ ਜੀਵਨ ਸਾਥੀ ਦੁਆਰਾ ਪਾਰਟੀ ਸੰਮੇਲਨਾਂ ‘ਚ ਭਾਸ਼ਣ ਦੇਣਾ ਅਤੇ ਆਪਣੇ ਪਰਿਵਾਰਕ ਜੀਵਨ ਬਾਰੇ ਕਹਾਣੀਆਂ ਸੁਣਾਉਣ ਦੀ ਪ੍ਰੰਪਰਾ ਰਹੀ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜੇਡੀ ਵਾਂਸ ਦੀ ਪਤਨੀ ਊਸ਼ਾ ਵਾਂਸ ਨੇ ਵੀ ਬੁੱਧਵਾਰ ਸ਼ਾਮ ਨੂੰ ਇਸ ਪ੍ਰੰਪਰਾ ਦਾ ਪਾਲਣ ਕੀਤਾ ਪਰ ਮੇਲਾਨੀਆ ਨੇ ਭਾਸ਼ਣ ਨਹੀਂ ਦਿੱਤਾ।
ਮੇਲਾਨੀਆ ਨੇ 2016 ਵਿਚ ਆਪਣੇ ਪਤੀ ਨੂੰ ਪਹਿਲੀ ਵਾਰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਕਈ ਆਮ ਅਮਰੀਕੀ ਰਾਸ਼ਟਰਪਤੀ ਸਬੰਧੀ ਸਾਧਾਰਨ ਪ੍ਰੰਪਰਾਵਾਂ ਨੂੰ ਤੋੜਿਆ ਹੈ। ਰਾਸ਼ਟਰਪਤੀ ਵਜੋਂ ਟਰੰਪ ਦੇ ਕਾਰਜਕਾਲ ਦੌਰਾਨ, ਉਹ ਦੂਜੀਆਂ ਪਹਿਲੀਆਂ ਔਰਤਾਂ ਦੇ ਮੁਕਾਬਲੇ ਇਕਾਂਤ ਵਿਚ ਰਹੀ ਅਤੇ ਕੁਝ ਮਾਮਲਿਆਂ ‘ਤੇ ਧਿਆਨ ਕੇਂਦਰਿਤ ਕੀਤਾ। ਟਰੰਪ ਦੇ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ ਉਹ ਕਈ ਮੌਕਿਆਂ ‘ਤੇ ਆਪਣੇ ਪਤੀ ਨਾਲ ਨਜ਼ਰ ਨਹੀਂ ਆਈ ਹੈ। ਉਹ ਨਿਊਯਾਰਕ ਵਿਚ ਟਰੰਪ ਦੇ ਨਾਲ ਨਹੀਂ ਸੀ, ਜਦੋਂ ਉਹ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ ਵਾਲੇ ਦੇਸ਼ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਬਣੇ ਸਨ ਅਤੇ ਜਦੋਂ ਉਹ ਅਧਿਕਾਰਤ ਤੌਰ ‘ਤੇ ਪਾਰਟੀ ਦੇ ਤੀਜੀ ਵਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਚੁਣੇ ਗਏ ਸਨ, ਤਾਂ ਉਹ ਉੱਥੇ ਨਹੀਂ ਸੀ।