#PUNJAB

ਮੂਸੇਵਾਲਾ ਹੱਤਿਆ ਮਾਮਲਾ : ਮਰਹੂਮ ਗਾਇਕ ਦੇ ਸਾਥੀ ਗੁਰਵਿੰਦਰ ਸਿੰਘ ਮੂਸਾ ਦੀ ਹੋਈ ਗਵਾਹੀ, ਅਗਲੀ ਸੁਣਵਾਈ 13 ਨੂੰ

ਮਾਨਸਾ (ਬਠਿੰਡਾ), 28 ਨਵੰਬਰ (ਪੰਜਾਬ ਮੇਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਚ ਸਥਾਨਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਮੁੜ ਸੁਣਵਾਈ 13 ਦਸੰਬਰ ‘ਤੇ ਪਾ ਦਿੱਤੀ ਹੈ। ਮੰਗਲਵਾਰ ਨੂੰ ਮਰਹੂਮ ਗਾਇਕ ਦੇ ਦੂਸਰੇ ਸਾਥੀ ਗੁਰਵਿੰਦਰ ਸਿੰਘ ਮੂਸਾ ਦੀ ਗਵਾਹੀ ਹੋਈ, ਜਦਕਿ ਵਿਰੋਧੀ ਧਿਰਾਂ ਦੇ ਵਕੀਲਾਂ ਵੱਲੋਂ ਅਗਲੀ ਪੇਸ਼ੀ ‘ਤੇ ਉਸ ਨੂੰ ਸਵਾਲ-ਜਵਾਬ ਕੀਤੇ ਜਾਣਗੇ।
ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਮੂਸਾ ਦੀ ਗਵਾਹੀ ਪਹਿਲਾਂ ਹੀ ਹੋ ਚੁੱਕੀ ਹੈ। ਇਹ ਦੋਵੇਂ ਨੌਜਵਾਨ 29 ਮਈ 2022 ਨੂੰ ਘਟਨਾ ਸਮੇਂ ਸਿੱਧੂ ਮੂਸੇਵਾਲਾ ਨਾਲ ਥਾਰ ‘ਚ ਸਵਾਰ ਸਨ। ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮੁੱਖ ਸਾਜ਼ਿਸ਼ਘਾੜੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ ਸਾਰੇ ਮੁਲਜ਼ਮਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਭੁਗਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਐੱਚ.ਐੱਸ. ਗਰੇਵਾਲ ਨੇ ਅਗਲੀ ਪੇਸ਼ੀ ‘ਤੇ ਸ਼ੂਟਰਾਂ, ਰੇਕੀ ਕਰਨ ਵਾਲਿਆਂ ਤੋਂ ਇਲਾਵਾ ਏ.ਕੇ-47, ਥਾਰ, ਕਰੋਲਾ ਤੇ ਬਲੈਰੋ ਗੱਡੀਆਂ ਸਮੇਤ ਸਾਰਾ ਮੁਕੱਦਮਾ ਰਿਕਾਰਡ ਵੀ ਪੇਸ਼ ਕਰਨ ਦੇ ਹੁਕਮ ਦਿੱਤੇ।