#PUNJAB

ਮੂਸੇਵਾਲਾ ਹੱਤਿਆਕਾਂਡ; 25 ਮੁਲਜ਼ਮਾਂ ਨੇ Video Conference ਰਾਹੀਂ ਪੇਸ਼ੀ ਭੁਗਤੀ

ਮਾਨਸਾ, 10 ਅਪ੍ਰੈਲ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ 27 ਵਿਚੋਂ 25 ਮੁਲਜ਼ਮਾਂ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ, ਜਦੋਂਕਿ ਬਾਕੀ ਦੋ ਮੁਲਜ਼ਮਾਂ ਦੀਪਕ ਮੁੰਡੀ ਅਤੇ ਸਚਿਨ ਭਿਵਾਨੀ ਨਾਲ ਜੇਲ੍ਹ ਵਿਚ ਤਾਲਮੇਲ ਨਹੀਂ ਹੋ ਸਕਿਆ। ਅਦਾਲਤ ਨੇ ਅਗਲੀ ਸੁਣਵਾਈ 19 ਅਪ੍ਰੈਲ ‘ਤੇ ਪਾ ਦਿੱਤੀ ਹੈ। ਉਸ ਦਿਨ ਗੈਂਗਸਟਰ ਲਾਰੈਂਸ ਬਿਸ਼ਨੋਈ, ਚਰਨਜੀਤ ਸਿੰਘ ਉਰਫ਼ ਚੇਤਨ, ਜੱਗੂ ਭਗਵਾਨਪੁਰੀਆ ਅਤੇ ਜਗਤਾਰ ਸਿੰਘ ਦੀਆਂ ਅਰਜ਼ੀਆਂ ‘ਤੇ ਬਹਿਸ ਹੋਵੇਗੀ, ਜਿਸ ਵਿਚ ਗੈਂਗਸਟਰਾਂ ਨੇ ਖੁਦ ਨੂੰ ਬੇਗੁਨਾਹ ਦੱਸਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਤਿੰਨ ਮੁਲਜ਼ਮਾਂ ਵੱਲੋਂ ਦਾਇਰ ਅਰਜ਼ੀਆਂ ਦਾ ਵਿਰੋਧ ਕਰਦਿਆਂ ਹੇਠਲੀ ਅਦਾਲਤ ਵਿਚ ਜਵਾਬ ਦਾਖ਼ਲ ਕੀਤਾ ਹੈ, ਜਦੋਂਕਿ ਇਨ੍ਹਾਂ ਗੈਂਗਸਟਰਾਂ ਵੱਲੋਂ ਕਤਲ ਕੇਸ ਵਿਚ ਸ਼ਾਮਲ ਨਾ ਹੋਣ ਦਾ ਦਾਅਵਾ ਪਹਿਲਾਂ ਹੀ ਕੀਤਾ ਗਿਆ ਸੀ।
ਮੂਸੇਵਾਲਾ ਦੇ ਮਾਪਿਆਂ ਵੱਲੋਂ ਪੇਸ਼ ਹੋਏ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅਦਾਲਤ ਵੱਲੋਂ 5 ਅਪ੍ਰੈਲ ਨੂੰ ਚਾਰ ਜਣਿਆਂ ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ, ਸਚਿਨ ਭਿਵਾਨੀ, ਦੀਪਕ ਮੁੰਡੀ ਅਤੇ ਕਪਿਲ ਪੰਡਿਤ ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ। ਉਨ੍ਹਾਂ ਵਿਚੋਂ ਦੀਪਕ ਮੁੰਡੀ ਅਤੇ ਸਚਿਨ ਭਿਵਾਨੀ ਨੂੰ ਛੱਡ ਕੇ ਬਾਕੀ ਦੋ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ ਹੈ।