#PUNJAB

ਮੂਸੇਵਾਲਾ ਕਤਲ ਮਾਮਲਾ: ਸਚਿਨ ਨੇ ਪੁਲਿਸ ਨੂੰ ਗੁਮਰਾਹ ਕਰਨ ਲਈ ਕਬੂਲਿਆ ਸੀ ਜੁਰਮ

ਮਾਨਸਾ, 7 ਅਕਤੂਬਰ (ਪੰਜਾਬ ਮੇਲ)- ਮਾਨਸਾ ਦੀ ਇੱਕ ਅਦਾਲਤ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਸਚਿਨ ਬਿਸ਼ਨੋਈ ਉਰਫ਼ ਸਚਿਨ ਥਾਪਨ ਨੂੰ ਪੰਜ ਦਿਨਾਂ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਸਚਿਨ ਬਿਸ਼ਨੋਈ ਨੂੰ 8 ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਮਾਨਸਾ ਦੇ ਸਵਿਲ ਹਸਪਤਾਲ ਤੋਂ ਉਸ ਦਾ ਡਾਕਟਰੀ ਮੁਆਇਨਾ ਕਰਾਉਣ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਸ ਨੂੰ 5 ਦਿਨ (10 ਅਕਤੂਬਰ ਤੱਕ) ਹੋਰ ਰਿਮਾਂਡ ਭੇਜ ਦਿੱਤਾ। ਜਾਣਕਾਰੀ ਅਨੁਸਾਰ ਸਚਿਨ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਤੀਜਾ ਹੈ, ਜੋ ਪਿਛਲੇ ਸਾਲ ਜਾਅਲੀ ਪਾਸਪੋਰਟ ਰਾਹੀਂ ਵਿਦੇਸ਼ ਭੱਜ ਗਿਆ ਸੀ। ਉਸ ਨੂੰ ਅਜ਼ਰਬਾਇਜਾਨ ਵਿਚ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਸੀ, ਜਿਥੋਂ ਕਾਨੂੰਨੀ ਪ੍ਰਕਿਰਿਆ ਮਗਰੋਂ ਪਹਿਲੀ ਅਗਸਤ ਨੂੰ ਉਸ ਨੂੰ ਭਾਰਤ ਲਿਆਂਦਾ ਗਿਆ ਸੀ। ਮਾਨਸਾ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਸਚਿਨ ਉਨ੍ਹਾਂ ਚਾਰ ਗੈਂਗਸਟਰਾਂ ਵਿਚੋਂ ਇੱਕ ਹੈ, ਜਿਨ੍ਹਾਂ ਨੇ ਕਥਿਤ ਸ਼ੁਰੂ ਤੋਂ ਹੀ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਕਤਲ ਤੋਂ ਬਾਅਦ ਪੁਲਿਸ ਨੂੰ ਗੁਮਰਾਹ ਕਰਨ ਲਈ ਸਚਿਨ ਨੇ ਇੱਕ ਨਿਊਜ਼ ਚੈਨਲ ‘ਤੇ ਕਬੂਲਿਆ ਸੀ ਕਿ ਮੂਸੇਵਾਲਾ ਦਾ ਕਤਲ ਉਸ ਨੇ ਕੀਤਾ ਹੈ। ਹਾਲਾਂਕਿ ਮੂਸੇਵਾਲਾ ਦੇ ਕਤਲ ਤੋਂ ਠੀਕ ਪਹਿਲਾਂ ਸਚਿਨ ਜਾਅਲੀ ਪਾਸਪੋਰਟ ‘ਤੇ ਦੇਸ਼ ਛੱਡ ਕੇ ਚਲਾ ਗਿਆ ਸੀ। ਇਸ ਮਾਮਲੇ ਵਿਚ ‘ਸਿਟ’ ਦੇ ਇੱਕ ਮੈਂਬਰ ਨੇ ਦੱਸਿਆ,ਸਚਨਿ ਥਾਪਨ ਦੱਖਣ-ਪੂਰਬੀ ਦਿੱਲੀ ਦੇ ਸੰਗਮ ਵਿਹਾਰ ਦੇ ਰਹਿਣ ਵਾਲੇ ਤਿਲਕ ਰਾਜ ਟੁਟੇਜਾ ਦੇ ਨਾਮ ‘ਤੇ ਜਾਰੀ ਜਾਅਲੀ ਪਾਸਪੋਰਟ ਰਾਹੀਂ ਦੁਬਈ ਚਲਾ ਗਿਆ ਸੀ। ਉਥੋਂ ਉਹ ਅਜ਼ਰਬਾਇਜਾਨ ਦੀ ਰਾਜਧਾਨੀ ਬਾਕੂ ਗਿਆ, ਜਿੱਥੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।” ਐੱਸ.ਆਈ.ਟੀ. ਅਧਿਕਾਰੀ ਨੇ ਕਿਹਾ ਕਿ ਸਚਿਨ ਨੇ ਕਥਿਤ ਮੂਸੇਵਾਲਾ ਦੇ ਕਤਲ ਲਈ ਸਾਮਾਨ ਦਾ ਪ੍ਰਬੰਧ ਕੀਤਾ ਅਤੇ ਫਿਰ ਭਾਰਤ ਛੱਡ ਦਿੱਤਾ। ਸਚਿਨ ਨੇ ਬੋਲੈਰੋ ਕਾਰ ਦਾ ਇੰਤਜ਼ਾਮ ਕੀਤਾ ਸੀ, ਜਿਸ ਨੇ ਮੂਸੇਵਾਲਾ ਦੀ ਗੱਡੀ ਨੂੰ ਮਾਰਨ ਤੋਂ ਪਹਿਲਾਂ ਪਿੱਛਾ ਕੀਤਾ ਸੀ ਅਤੇ ਉਹ ਗੋਲਡੀ ਬਰਾੜ ਨਾਲ ਲਗਾਤਾਰ ਸੰਪਰਕ ਵਿਚ ਸੀ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਚਿਨ ਥਾਪਨ ਤੋਂ ਪੁੱਛ ਪੜਤਾਲ ਮੂਸੇਵਾਲਾ ਕੇਸ ‘ਚ ਹੋਰ ਸੁਰਾਗ ਮਿਲ ਸਕਦੇ ਹਨ।

Leave a comment