-ਪੁਲਿਸ ਹਿਰਾਸਤ ‘ਚ ਪੁੱਛ-ਪੜਤਾਲ ਦੌਰਾਨ ਗੈਂਗਸਟਰ ਸਚਿਨ ਥਾਪਨ ਨੇ ਕੀਤੇ ਨਵੇਂ ਖੁਲਾਸੇ
ਮਾਨਸਾ, 12 ਅਕਤੂਬਰ (ਪੰਜਾਬ ਮੇਲ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਰਮਿਆਨ ਵਿਵਾਦ ਦਾ ਮੁੱਢ ਭਾਗੋਮਾਜਰਾ (ਮੋਹਾਲੀ) ਵਿਚ ਹੋਏ ਕਬੱਡੀ ਕੱਪ ਤੋਂ ਬੱਝਾ ਸੀ। ਪੰਜਾਬੀ ਗਾਇਕ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਤੇ ਲਾਰੈਂਸ ਦੇ ਭਤੀਜੇ ਸਚਿਨ ਬਿਸ਼ਨੋਈ ਉਰਫ਼ ਸਚਿਨ ਥਾਪਨ ਨੇ ਪੁਲਿਸ ਕੋਲ ਪੁੱਛ-ਪੜਤਾਲ ਦੌਰਾਨ ਨਵੇਂ ਖੁਲਾਸੇ ਕੀਤੇ ਹਨ। ਸਚਿਨ ਥਾਪਨ ਇਸ ਸਮੇਂ ਨਿਆਇਕ ਹਿਰਾਸਤ ਤਹਿਤ ਮਾਨਸਾ ਜੇਲ੍ਹ ਵਿਚ ਬੰਦ ਹੈ।
ਇਸ ਕਬੱਡੀ ਕੱਪ ਨੂੰ ਲੈ ਕੇ ਪਹਿਲਾਂ ਲਾਰੈਂਸ ਤੇ ਫਿਰ ਲਾਰੈਂਸ ਤੇ ਗੋਲਡੀ ਬਰਾੜ ਦਾ ਸਿੱਧੂ ਮੂਸੇਵਾਲਾ ਨਾਲ ਫੋਨ ‘ਤੇ ਝਗੜਾ ਹੋ ਗਿਆ ਸੀ। ਇਸ ਮਗਰੋਂ ਪੰਜਾਬੀ ਗਾਇਕ ਦੇ ਕਤਲ ਦੀ ਸਾਜ਼ਿਸ਼ ਘੜੀ ਗਈ ਸੀ। ਹਾਲਾਂਕਿ ਪੁਲਿਸ ਅਧਿਕਾਰੀ ਇਸ ਮਾਮਲੇ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ।
ਪੁੱਛਗਿੱਛ ਦੌਰਾਨ ਸਚਿਨ ਨੇ ਦੱਸਿਆ ਕਿ ਉਸ ਨੂੰ 2021 ਵਿਚ ਹੀ ਪਤਾ ਲੱਗ ਗਿਆ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਵਾਲਾ ਹੈ। ਸਚਿਨ ਨੇ ਦੱਸਿਆ ਕਿ ਉਹ ਅਗਸਤ 2021 ਵਿਚ ਲਾਰੈਂਸ ਬਿਸ਼ਨੋਈ ਨਾਲ ਰਾਜਸਥਾਨ ਦੀ ਅਜਮੇਰ ਜੇਲ੍ਹ ਵਿਚ ਬੰਦ ਸੀ। ਉਸ ਸਮੇਂ ਬੰਬੀਹਾ ਗੈਂਗ ਵੱਲੋਂ ਪੰਜਾਬ ਵਿਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੀ। ਲਾਰੈਂਸ ਨੇ ਮੂਸੇਵਾਲਾ ਨੂੰ ਫੋਨ ‘ਤੇ ਕਿਹਾ ਸੀ ਕਿ ਉਹ ਇਸ ਕੱਪ ਵਿਚ ਨਾ ਜਾਵੇ ਕਿਉਂਕਿ ਇਹ ਟੂਰਨਾਮੈਂਟ ਕਰਵਾਉਣ ਵਾਲਾ ਉਸਦਾ ਦੁਸ਼ਮਣ ਹੈ। ਲਾਰੈਂਸ ਦੇ ਇਨਕਾਰ ਦੇ ਬਾਵਜੂਦ ਸਿੱਧੂ ਮੂਸੇਵਾਲਾ ਉੱਥੇ ਗਿਆ ਅਤੇ ਬਾਅਦ ਵਿਚ ਲਾਰੈਂਸ ਨੇ ਮੂਸੇਵਾਲਾ ਨੂੰ ਫ਼ੋਨ ‘ਤੇ ਪੁੱਛਿਆ ਕਿ ਉਹ ਉਸ ਦੇ ਇਨਕਾਰ ਕਰਨ ਦੇ ਬਾਵਜੂਦ ਉੱਥੇ ਕਿਉਂ ਗਿਆ। ਪੁਲਿਸ ਅਨੁਸਾਰ ਸਚਿਨ ਥਾਪਨ ਨੇ ਦੱਸਿਆ ਕਿ ਲਾਰੈਂਸ ਨੇ ਮੂਸੇਵਾਲਾ ਨਾਲ ਦੁਰਵਿਹਾਰ ਕੀਤਾ ਤੇ ਮੂਸੇਵਾਲਾ ਨੇ ਵੀ ਉਸੇ ਲਹਿਜ਼ੇ ਵਿਚ ਜਵਾਬ ਦਿੱਤਾ।
ਸਚਿਨ ਥਾਪਨ ਨੂੰ ਕੇਂਦਰੀ ਜੇਲ੍ਹ ਭੇਜਿਆ
ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਮੁੱਖ ਮੁਲਜ਼ਮ ਸਚਿਨ ਥਾਪਨ ਨੂੰ ਬੁੱਧਵਾਰ ਮਾਨਸਾ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਜੇਲ੍ਹ ਭੇਜਣ ਤੋਂ ਪਹਿਲਾਂ ਮਾਨਸਾ ਪੁਲਿਸ ਨੇ ਉਸ ਦਾ ਮੈਡੀਕਲ ਕਰਵਾਇਆ। ਸ਼ਹੀਦ ਮਨੀ ਸਿੰਘ ਹਸਪਤਾਲ ਬਠਿੰਡਾ ਦੇ ਡਾਕਟਰ ਹਰਸ਼ਿਤ ਕੁਮਾਰ ਨੇ ਦੱਸਿਆ ਕਿ ਚਾਰ ਡਾਕਟਰਾਂ ਦੇ ਪੈਨਲ ਨੇ ਸਚਿਨ ਦਾ ਮੈਡੀਕਲ ਕੀਤਾ। ਉਨ੍ਹਾਂ ਕਿਹਾ ਕਿ ਟੈਸਟ ਰਿਪੋਰਟ ਵਿਚ ਸਚਿਨ ਨੂੰ ਮਾਮੂਲੀ ਪੀਲੀਏ ਦੀ ਸ਼ਿਕਾਇਤ ਪਾਈ ਗਈ ਹੈ। ਮੈਡੀਕਲ ਮਗਰੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਮੂਸੇਵਾਲਾ ਕੇਸ ‘ਚ ਦੁਬਈ ਰਹਿੰਦੇ ਹੈਰੀ ਦਾ ਨਾਂ ਸਾਹਮਣੇ ਆਇਆ
ਗੈਂਗਸਟਰ ਸਚਿਨ ਬਿਸ਼ਨੋਈ ਉਰਫ਼ ਸਚਿਨ ਥਾਪਨ ਤੋਂ ਪੁੱਛ-ਪੜਤਾਲ ਦੌਰਾਨ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਮਾਨਸਾ ਦੇ ਹਰਜਿੰਦਰ ਸਿੰਘ ਉਰਫ ਹੈਰੀ ਦਾ ਨਾਂ ਵੀ ਸਾਹਮਣੇ ਆਇਆ ਹੈ। ਉਹ ਇਸ ਸਮੇਂ ਦੁਬਈ ਰਹਿ ਰਿਹਾ ਹੈ। ਸਚਿਨ ਨੇ ਪੁਲਿਸ ਕੋਲ ਕਬੂਲ ਕੀਤਾ ਕਿ ਹੈਰੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਉਸ ਲਈ ਜਾਅਲੀ ਪਾਸਪੋਰਟ ਦਾ ਪ੍ਰਬੰਧ ਕੀਤਾ ਸੀ। ਇਸ ਦੀ ਵਰਤੋਂ ਕਰ ਕੇ ਉਹ ਵਿਦੇਸ਼ ਭੱਜ ਜਾਂਦਾ ਸੀ। ਐੱਸ.ਆਈ.ਟੀ. ਦੇ ਇਕ ਮੈਂਬਰ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸਚਿਨ ਥਾਪਨ ਤੋਂ ਪੁੱਛ-ਪੜਤਾਲ ਦੌਰਾਨ ਮਾਨਸਾ ਦੇ ਹਰਜਿੰਦਰ ਸਿੰਘ ਉਰਫ ਹੈਰੀ ਦਾ ਨਾਂ ਮੂਸੇਵਾਲਾ ਦੇ ਕਤਲ ਦੀ ਯੋਜਨਾ ‘ਚ ਸ਼ਾਮਲ ਹੋਣ ਦਾ ਪਤਾ ਚੱਲਿਆ ਹੈ। ਹੈਰੀ ਕਤਲ ਤੋਂ ਪਹਿਲਾਂ ਹੀ ਯੋਜਨਾ ਦਾ ਹਿੱਸਾ ਸੀ। ਉਸ ਨੇ ਗੈਂਗਸਟਰਾਂ ਨੂੰ ਮੋਬਾਈਲ ਫ਼ੋਨ ਦੇ ਸਿਮ ਕਾਰਡ ਅਤੇ ਫੰਡ ਵੀ ਦਿੱਤੇ ਸਨ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਕੀ ਹੈਰੀ ਨੂੰ ਇਸ ਤੱਥ ਦਾ ਪਤਾ ਸੀ ਕਿ ਉਹ ਮੂਸੇਵਾਲਾ ਦੇ ਕਤਲ ਦੀ ਯੋਜਨਾ ਦਾ ਹਿੱਸਾ ਬਣ ਰਿਹਾ ਸੀ।