ਖਿਡਾਰਨ ਦੇ ਪਰਿਵਾਰ ਨੂੰ ਵਧਾਈ ਦਿੱਤੀ; ਭਗਵੰਤ ਮਾਨ ਵੱਲੋਂ ਪੰਜਾਬ ਤੇ ਹਰਿਆਣਾ ਦੇ ਖਿਡਾਰੀਆਂ ਦੀ ਵੀ ਸ਼ਲਾਘਾ
ਨੀਰਜ ਚੋਪੜਾ ਨੂੰ ਵੀ ਮੁਬਾਰਕਬਾਦ ਦਿੱਤੀ
ਚੰਡੀਗੜ੍ਹ, 10 ਅਗਸਤ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਰਿਹਾਇਸ਼ ‘ਤੇ ਓਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਪੈਰਿਸ ਓਲੰਪਿਕਸ ਵਿਚ ਇਸ ਵਿਲੱਖਣ ਪ੍ਰਾਪਤੀ ਲਈ ਮਨੂ ਭਾਕਰ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੈਰਿਸ ਵਿਚ ਸ਼ੂਟਿੰਗ ਮੁਕਾਬਲਿਆਂ ਵਿਚ ਦੋ ਤਗ਼ਮੇ ਜਿੱਤ ਕੇ ਮਨੂ ਨੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਇਹ ਨਿਸ਼ਾਨੇਬਾਜ਼ ਨੌਜਵਾਨਾਂ ਲਈ ਆਦਰਸ਼ ਬਣ ਕੇ ਉੱਭਰੀ ਹੈ ਅਤੇ ਉਸ ਦੀਆਂ ਪ੍ਰਾਪਤੀਆਂ ਉੱਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਦੇਸ਼ ਲਈ ਨਾਮਣਾ ਖੱਟਣ ਲਈ ਪ੍ਰੇਰਿਤ ਕਰਨਗੀਆਂ। ਮੁੱਖ ਮੰਤਰੀ ਨੇ ਇਸ ਨੌਜਵਾਨ ਖਿਡਾਰਨ ਨੂੰ ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਦਾ ਮੰਤਵ ਇਕ ਪਾਸੇ ਨੌਜਵਾਨਾਂ ਦੀ ਤਾਕਤ ਨੂੰ ਉਸਾਰੂ ਪਾਸੇ ਲਾਉਣਾ ਹੈ, ਦੂਜੇ ਪਾਸੇ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣਾ ਹੈ। ਮੁੱਖ ਮੰਤਰੀ ਨੇ ਭਾਰਤੀ ਖਿਡਾਰੀਆਂ ਖ਼ਾਸ ਤੌਰ ‘ਤੇ ਪੰਜਾਬ ਤੇ ਹਰਿਆਣਾ ਦੇ ਖਿਡਾਰੀਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿਚ ਦੇਸ਼ ਲਈ ਤਗ਼ਮੇ ਜਿੱਤੇ ਹਨ। ਮਨੂ ਭਾਕਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਪੰਜਾਬ ਵਿਚ ਖੇਡਾਂ ਦੀ ਤਰੱਕੀ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਤੇ ਖੇਡ ਨੀਤੀ ਦੀ ਤਾਰੀਫ਼ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਅਥਲੀਟ ਨੀਰਜ ਚੋਪੜਾ ਨੂੰ ਪੈਰਿਸ ਓਲੰਪਿਕ ਖੇਡਾਂ ਵਿਚ ਜੈਵਲਿਨ ਥਰੋਅ ਵਿਚ ਚਾਂਦੀ ਦਾ ਤਗਮਾ ਜਿੱਤਣ ‘ਤੇ ਵਧਾਈ ਦਿੱਤੀ। ਆਪਣੇ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨੀਰਜ ਚੋਪੜਾ ਨੇ ਆਪਣੀ ਵਿਲੱਖਣ ਤੇ ਇਤਿਹਾਸਕ ਪ੍ਰਾਪਤੀ ਰਾਹੀਂ ਸਮੁੱਚੇ ਮੁਲਕ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਚੋਪੜਾ ਨੇ ਟੋਕੀਓ ਓਲੰਪਿਕਸ ਵਿਚ ਸੋਨੇ ਦਾ ਤਮਗ਼ਾ ਜਿੱਤ ਕੇ ਇਤਿਹਾਸ ਸਿਰਜਿਆ ਸੀ ਅਤੇ ਹੁਣ ਪੈਰਿਸ ਓਲੰਪਿਕਸ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਲਈ ਨਾਮਣਾ ਖੱਟਿਆ ਹੈ।