ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੇ ਵਕੀਲ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਉਸ ਨੂੰ ਭਾਰਤ ਹਵਾਲੇ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ‘ਦੋਹਰੇ ਖ਼ਤਰੇ ਦੇ ਸਿਧਾਂਤ’ ਦਾ ਹਵਾਲਾ ਦਿੱਤਾ ਹੈ, ਜੋ ਕਿਸੇ ਵਿਅਕਤੀ ਨੂੰ ਇੱਕ ਹੀ ਅਪਰਾਧ ਲਈ 2 ਵਾਰ ਮੁਕੱਦਮਾ ਚਲਾਉਣ ਜਾਂ ਸਜ਼ਾ ਦੇਣ ਤੋਂ ਰੋਕਦਾ ਹੈ। ਭਾਰਤ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਰਾਣਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ, ਕਿਉਂਕਿ ਉਹ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਮਲੇ ਵਿਚ ਲੋੜੀਂਦਾ ਹੈ।
ਹੇਠਲੀਆਂ ਅਦਾਲਤਾਂ ਅਤੇ ਸਾਨ ਫਰਾਂਸਿਸਕੋ ਵਿਚ ਉੱਤਰੀ ਸਰਕਟ ਲਈ ਅਮਰੀਕੀ ਕੋਰਟ ਆਫ਼ ਅਪੀਲਜ਼ ਸਮੇਤ ਕਈ ਸੰਘੀ ਅਦਾਲਤਾਂ ਵਿਚ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਰਾਣਾ ਨੇ 13 ਨਵੰਬਰ ਨੂੰ ਅਮਰੀਕੀ ਸੁਪਰੀਮ ਕੋਰਟ ਦੇ ਸਾਹਮਣੇ ਰਿਕਾਰਡ ਲਈ ਪਟੀਸ਼ਨ ਦਾਇਰ ਕੀਤੀ ਸੀ। ਅਮਰੀਕੀ ਸਾਲਿਸਟਰ ਜਨਰਲ ਐਲਿਜ਼ਾਬੈਥ ਬੀ ਪ੍ਰੀਲੋਗਰ ਨੇ 16 ਦਸੰਬਰ ਨੂੰ ਸੁਪਰੀਮ ਕੋਰਟ ਨੂੰ ਪਟੀਸ਼ਨ ਖਾਰਜ ਕਰਨ ਦੀ ਅਪੀਲ ਕੀਤੀ। ਰਾਣਾ ਦੇ ਵਕੀਲ ਜੋਸ਼ੂਆ ਐੱਲ ਡਰੇਟਲ ਨੇ 23 ਦਸੰਬਰ ਨੂੰ ਆਪਣੇ ਜਵਾਬ ਵਿਚ ਅਮਰੀਕੀ ਸਰਕਾਰ ਦੀ ਸਿਫਾਰਿਸ਼ ਨੂੰ ਚੁਣੌਤੀ ਦਿੱਤੀ ਅਤੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਪਟੀਸ਼ਨ ਸਵੀਕਾਰ ਕੀਤੀ ਜਾਵੇ।
ਇਕ ਲੰਮੀ ਕਾਨੂੰਨੀ ਲੜਾਈ ਵਿਚ, ਇਹ ਰਾਣਾ ਲਈ ਭਾਰਤ ਹਵਾਲੇ ਨਾ ਕੀਤੇ ਜਾਣ ਦਾ ਆਖਰੀ ਕਾਨੂੰਨੀ ਮੌਕਾ ਹੈ। ਅਦਾਲਤ ਨੇ ਇਸ ਮੁੱਦੇ ‘ਤੇ ਦੋਵਾਂ ਧਿਰਾਂ ਦੀ ਸੁਣਵਾਈ 17 ਜਨਵਰੀ ਨੂੰ ਤੈਅ ਕੀਤੀ ਹੈ। ਰਾਣਾ, ਜੋ ਇਸ ਸਮੇਂ ਲਾਸ ਏਂਜਲਸ ਦੀ ਜੇਲ੍ਹ ਵਿਚ ਬੰਦ ਹੈ, ਉੱਤੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਜੁੜਿਆ ਹੋਇਆ ਹੈ, ਜੋ 26/11 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿਚੋਂ ਇੱਕ ਹੈ।