#INDIA

ਮੁੰਬਈ ਵਿਚ ਭਾਰੀ ਮੀਂਹ ਕਾਰਨ ਕਈ ਉਡਾਣਾਂ ਰੱਦ

-ਮੁੱਖ ਮੰਤਰੀ ਸ਼ਿੰਦੇ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ
ਮੁੰਬਈ, 8 ਜੁਲਾਈ (ਪੰਜਾਬ ਮੇਲ)- ਮੁੰਬਈ ‘ਚ ਬੀਤੀ ਰਾਤ ਤੋਂ ਅੱਜ ਸਵੇਰੇ ਤੱਕ 6 ਘੰਟਿਆਂ ਵਿਚ 300 ਮਿਲੀਮੀਟਰ ਤੋਂ ਵੱਧ ਮੀਂਹ ਪਿਆ। ਇਸ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਭਾਰੀ ਮੀਂਹ ਕਾਰਨ ਹਵਾਈ ਅੱਡੇ ‘ਤੇ ਦਿਸਣਯੋਗਤਾ ਘੱਟ ਗਈ ਹੈ। ਮੁੰਬਈ ‘ਚ ਸਵੇਰੇ 11 ਵਜੇ ਤੱਕ 50 ਉਡਾਣਾਂ ਰੱਦ ਕੀਤੀਆਂ ਗਈਆਂ। ਇਨ੍ਹਾਂ ਵਿਚੋਂ 42 ਉਡਾਣਾਂ ਇੰਡੀਗੋ ਦੀਆਂ, 6 ਉਡਾਣਾਂ ਏਅਰ ਇੰਡੀਆ ਦੀਆਂ ਅਤੇ ਦੋ ਉਡਾਣਾਂ ਹੋਰ ਏਅਰਲਾਈਨਜ਼ ਦੀਆਂ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲ ਟਰੈਕਾਂ ‘ਤੇ ਪਾਣੀ ਭਰਨ ਕਾਰਨ ਮੁੰਬਈ ਡਿਵੀਜ਼ਨ ਦੀਆਂ ਪੰਜ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕੁਝ ਲੋਕਲ ਟਰੇਨਾਂ ਵੀ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਮੁੰਬਈ ਵਿਚ ਬੀ.ਐੱਮ.ਸੀ. ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਕਸ ‘ਤੇ ਪੋਸਟ ਪਾ ਕੇ ਕਿਹਾ ਹੈ ਕਿ ਮੁੰਬਈ ਵਿਚ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਤੇ ਲੋਕ ਜ਼ਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿਕਲਣ।