ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਮੁੰਬਈ ‘ਚ 2008 ਦੇ ਅੱਤਵਾਦੀ ਹਮਲਿਆਂ ‘ਚ ਸ਼ਮੂਲੀਅਤ ਲਈ ਭਾਰਤ ‘ਚ ਲੋੜੀਂਦੇ ਇਕ ਅਪਰਾਧੀ ਤਹੱਵੁਰ ਰਾਣਾ ਨੂੰ ਅਮਰੀਕਾ-ਭਾਰਤ ਹਵਾਲਗੀ ਸੰਧੀ ਦੀਆਂ ਸਪੱਸ਼ਟ ਵਿਵਸਥਾਵਾਂ ਦੇ ਅਧੀਨ ਹਵਾਲੇ ਕੀਤਾ ਜਾ ਸਕਦਾ ਹੈ। ਅਮਰੀਕਾ ਦੇ ਇਕ ਅਟਾਰਨੀ ਨੇ ਇਕ ਅਦਾਲਤ ‘ਚ ਇਹ ਗੱਲ ਕਹੀ। ਸਹਾਇਕ ਅਮਰੀਕੀ ਅਟਾਰਨੀ, ਅਪਰਾਧਕ ਅਪੀਲ ਮੁਖੀ ਬ੍ਰਾਮ ਐਲਡੇਨ ਅਮਰੀਕੀ ਦੀ ਇਕ ਅਦਾਲਤ ‘ਚ ਆਖ਼ਰੀ ਦਲੀਲਾਂ ਦੇ ਰਹੇ ਸਨ, ਜਿੱਥੇ ਰਾਣਾ ਨੇ ਕੈਲੀਫੋਰਨੀਆ ‘ਚ ਅਮਰੀਕੀ ‘ਜ਼ਿਲ੍ਹਾ ਅਦਾਲਤ’ ਦੇ ਆਦੇਸ਼ ਖ਼ਿਲਾਫ਼ ਅਪੀਲ ਕੀਤੀ ਹੈ। ਕੈਲੀਫੋਰਨੀਆ ਦੀ ਅਦਾਲਤ ਨੇ ਬੰਦੀ ਹੈਬੀਅਸ ਕਾਰਪਸ ਦੀ ਰਿੱਦ ਨੂੰ ਅਸਵੀਕਾਰ ਕਰ ਦਿੱਤਾ ਸੀ। ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਰਾਣਾ (63) ਨੇ ਮਈ ‘ਚ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਬੰਦੀ ਹੈਬੀਅਸ ਕਾਰਪਸ ਰਿਟ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਨੂੰ ਭਾਰਤ ਹਵਾਲੇ ਕਰਨ ਦੀ ਅਮਰੀਕੀ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਸੀ। ਐਲਡੇਨ ਨੇ ਕਿਹਾ, ”ਰਾਣਾ ਨੂੰ ਸੰਧੀ ਦੇ ਸਪੱਸ਼ਟ ਉਪਬੰਧਾਂ ਦੇ ਅਧੀਨ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ ਅਤੇ ਭਾਰਤ ਨੇ ਅੱਤਵਾਦੀ ਹਮਲਿਆਂ ‘ਚ ਉਸ ਦੀ ਭੂਮਿਕਾ ਲਈ ਉਸ ‘ਤੇ ਮੁਕੱਦਮਾ ਚਲਾਉਣ ਦੀ ਸੰਭਾਵਿਤ ਵਜ੍ਹਾ ਸਾਬਿਤ ਕੀਤੀ ਹੈ। ਇਨ੍ਹਾਂ ਹਮਲਿਆਂ ‘ਚ 166 ਲੋਕਾਂ ਦੀ ਮੌਤ ਹੋ ਗਈ ਸੀ ਅਤੇ 239 ਲੋਕ ਜ਼ਖ਼ਮੀ ਹੋਏ ਸਨ।”
ਐਲਡੇਨ ਨੇ 5 ਜੂਨ ਨੂੰ ਅਦਾਲਤ ‘ਚ ਦਲੀਲਾਂ ਪੇਸ਼ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਸੰਧੀ ਦੀਆਂ ਵਿਵਸਥਾਵਾਂ ‘ਤੇ ਸਹਿਮਤ ਹੋਏ ਹਨ। ਉਨ੍ਹਾਂ ਕਿਹਾ, ”ਦੋਹਾਂ ਧਿਰਾਂ ਨੇ ਹੁਣ ਕਿਹਾ ਹੈ ਕਿ ਇਸ ਵਿਵਸਥਾ ਦੀ ਵਿਆਖਿਆ ਅਪਰਾਧਾਂ ਦੇ ਤੱਤਾਂ ਦੇ ਆਧਾਰ ‘ਤੇ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਉਨ੍ਹਾਂ ਅਪਰਾਧਾਂ ਦੇ ਆਧਾਰ ‘ਤੇ।” ਇਸ ਸਮੇਂ ਲਾਸ ਏਂਜਲਸ ਦੀ ਜੇਲ੍ਹ ਵਿਚ ਬੰਦ ਰਾਣਾ ਮੁੰਬਈ ਹਮਲਿਆਂ ਵਿਚ ਆਪਣੀ ਭੂਮਿਕਾ ਲਈ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦਾ ਸਹਿਯੋਗੀ ਮੰਨਿਆ ਜਾਂਦਾ ਹੈ, ਜੋ 26/11 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿਚੋਂ ਇਕ ਹੈ। ਰਾਣਾ ਦੀ ਨੁਮਾਇੰਦਗੀ ਕਰਨ ਵਾਲੇ ਅਟਾਰਨੀ ਜੌਨ ਡੀ. ਕਲਾਈਨ ਨੇ ਕਿਹਾ ਕਿ ਸੰਭਾਵਿਤ ਕਾਰਨਾਂ ਦਾ ਸਮਰਥਨ ਕਰਨ ਲਈ ਕੋਈ ਢੁੱਕਵਾਂ ਸਬੂਤ ਨਹੀਂ ਹੈ। ਐਲਡੇਨ ਨੇ ਕਿਹਾ ਕਿ ਸੰਭਾਵਿਤ ਕਾਰਨਾਂ ਦਾ ਸਮਰਥਨ ਕਰਨ ਲਈ ਕਾਫ਼ੀ ਸਬੂਤ ਹਨ ਕਿ ਰਾਣਾ ਨੂੰ ਪਤਾ ਸੀ ਕਿ 2006 ਅਤੇ 2008 ਦੇ ਵਿਚਕਾਰ ਭਾਰਤ ‘ਚ ਕੀ ਹੋਣ ਵਾਲਾ ਹੈ। ਉਨ੍ਹਾਂ ਕਿਹਾ, ਉਹ ਡੇਵਿਡ ਹੈਡਲੀ ਨੂੰ ਕਈ ਵਾਰ ਮਿਲਿਆ ਸੀ। ਅਜਿਹੇ ਦਸਤਾਵੇਜ਼ੀ ਸਬੂਤ ਹਨ, ਜੋ ਹੈਡਲੀ ਦੀ ਗਵਾਹੀ ਦਾ ਸਮਰਥਨ ਕਰਦੇ ਹਨ, ਜਿਸ ‘ਚ ਜਾਅਲੀ ਵੀਜ਼ਾ ਅਰਜ਼ੀਆਂ ਵੀ ਸ਼ਾਮਲ ਹਨ, ਜੋ ਇਸ ਲਈ ਕੀਤੀਆਂ ਗਈਆਂ ਸਨ, ਤਾਂ ਜੋ ਹੈਡਲੀ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਨਿਗਰਾਨੀ ਕਰਨ ਲਈ ਭਾਰਤ ‘ਚ ਜਾਅਲੀ ਕਾਰੋਬਾਰ ਚਲਾ ਸਕੇ।” ਮੁੰਬਈ ‘ਚ 2008 ‘ਚ ਹੋਏ ਅੱਤਵਾਦੀ ਹਮਲਿਆਂ ‘ਚ 6 ਅਮਰੀਕੀ ਨਾਗਰਿਕਾਂ ਸਮੇਤ ਕੁੱਲ 166 ਲੋਕਾਂ ਦੀ ਮੌਤ ਹੋਈ ਸੀ। ਮੁੰਬਈ ‘ਚ 10 ਪਾਕਿਸਤਾਨੀ ਅੱਤਵਾਦੀਆਂ ਨੇ 60 ਘੰਟੇ ਤੋਂ ਵੱਧ ਸਮੇਂ ਤੱਕ ਹਮਲਿਆਂ ਨੂੰ ਅੰਜਾਮ ਦਿੱਤਾ ਅਤੇ ਸ਼ਹਿਰ ਦੇ ਕਈ ਮੁੱਖ ਸਥਾਨਾਂ ‘ਤੇ ਲੋਕਾਂ ਦਾ ਕਤਲ ਕੀਤਾ।