#INDIA

ਮੁਹਾਲੀ ‘ਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਚਲਾਇਆ ਆਰ.ਪੀ.ਜੀ. ਪਾਕਿਸਤਾਨ ਤੋਂ ਮੂਸੇਵਾਲਾ ‘ਤੇ ਹਮਲੇ ਲਈ ਕੀਤਾ ਗਿਆ ਸੀ ਸਮਗਲ

ਨਵੀਂ ਦਿੱਲੀ, 30 ਸਤੰਬਰ (ਪੰਜਾਬ ਮੇਲ)- ਪਿਛਲੇ ਸਾਲ ਮੁਹਾਲੀ ਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਨੂੰ, ਜਿਸ ਆਰ.ਪੀ.ਜੀ. ਨਾਲ ਨਿਸ਼ਾਨਾ ਬਣਾਇਆ ਗਿਆ ਸੀ, ਅਸਲ ਵਿਚ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਲਈ ਸੀ। ਮੂਸੇਵਾਲਾ ਨੂੰ ਮਈ 2022 ‘ਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਦਿੱਲੀ ਪੁਲਿਸ ਦੇ ਸੂਤਰਾਂ ਨੇ ਇਹ ਖੁਲਾਸਾ ਕੀਤਾ ਹੈ। ਸੂਤਰ ਨੇ ਦੱਸਿਆ, ‘ਆਰ.ਪੀ.ਜੀ. ਦੀ ਸਪਲਾਈ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਵੱਲੋਂ ਕੀਤੀ ਗਈ ਸੀ ਅਤੇ ਅਸਲ ਵਿਚ ਇਸ ਦੀ ਵਰਤੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਲਈ ਉਦੋਂ ਕੀਤੀ ਜਾਣੀ ਸੀ, ਜਦੋਂ ਉਹ ਜਨਤਕ ਰੈਲੀ ਜਾਂ ਸਮਾਗਮ ਵਿਚ ਹੁੰਦਾ।’ ਇਸ ਸਾਜ਼ਿਸ਼ ਵਿਚ ਤਬਦੀਲੀ ਆਈ ਅਤੇ ਗੈਂਗਸਟਰਾਂ ਅਤੇ ਅੱਤਵਾਦੀਆਂ ਨੇ ਮੁਹਾਲੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਵਿਚ ਇਸ ਦੀ ਵਰਤੋਂ ਕੀਤੀ। ਇਹ ਖ਼ੁਲਾਸਾ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਦੌਰਾਨ ਹੋਇਆ ਹੈ। ਰਿੰਦਾ ਦੀ ਮੌਤ ਨਵੰਬਰ ਵਿਚ ਲਾਹੌਰ ਦੇ ਮਿਲਟਰੀ ਹਸਪਤਾਲ ਵਿਚ ਕਥਿਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਰਿੰਦਾ ਦੀ ਗ੍ਰਿਫਤਾਰੀ ਦੀ ਸੂਚਨਾ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਹਮਲਾਵਰਾਂ ਨੇ ਆਪਣੀ ਸਾਜ਼ਿਸ਼ ਇਸ ਗੱਲੋਂ ਬਦਲੀ ਕਿ ਇਸ ਦੇ ਚਲਾਉਣ ਕਾਰਨ ਇਕੱਠ ਜਾਂ ਮੀਟਿੰਗ ਦੌਰਾਨ ਜਾਨੀ ਨੁਕਸਾਨ ਵੱਧ ਹੋ ਸਕਦਾ ਹੈ। ਪੁਲਿਸ ਸੂਤਰਾਂ ਅਨੁਸਾਰ ਆਰ.ਪੀ.ਜੀ. ਦੀ ਪਾਕਿਸਤਾਨ ਸਰਹੱਦ ਰਾਹੀਂ ਗੈਰ-ਕਾਨੂੰਨੀ ਤੌਰ ‘ਤੇ ਭਾਰਤ ਵਿਚ ਤਸਕਰੀ ਕੀਤੀ ਗਈ ਸੀ, ਜਿਸ ਵਿਚ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਸ਼ਾਮਲ ਸੀ।

Leave a comment