ਵਾਸ਼ਿੰਗਟਨ, 1 ਮਾਰਚ, (ਪੰਜਾਬ ਮੇਲ)-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਓਵਲ ਆਫਿਸ ਵਿੱਚ ਮੀਟਿੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ’ਤੇ ਵਰ੍ਹਦਿਆਂ ‘‘ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ’ ਲਈ ਜ਼ੇਲੈਂਸਕੀ ਦੀ ਝਾੜ ਝੰਬ ਕੀਤੀ। ਟਰੰਪ, ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਜ਼ੇਲੈਂਸਕੀ ਵਿਚਾਲੇ ਕਰੀਬ 45 ਮਿੰਟ ਤੱਕ ਗੱਲਬਾਤ ਹੋਈ, ਜਿਸ ’ਚ ਆਖਰੀ 10 ਮਿੰਟ ਤਿੰਨਾਂ ਵਿਚਾਲੇ ਕਾਫੀ ਬਹਿਸ ਹੋਈ। ਜ਼ੇਲੈਂਸਕੀ ਨੇ ਆਪਣਾ ਪੱਖ ਰੱਖਦਿਆਂ ਰੂਸ ਦੀ ਕੂਟਨੀਤਕ ਪਾਬੰਦੀ ’ਤੇ ਸ਼ੱਕ ਪ੍ਰਗਟ ਕੀਤਾ ਅਤੇ ਮਾਸਕੋ ਵੱਲੋਂ ਤੋੜੀਆਂ ਗਈਆਂ ਪਾਬੰਦੀਆਂ ਦਾ ਹਵਾਲਾ ਦਿੱਤਾ।
ਇਸ ਦੀ ਸ਼ੁਰੂਆਤ ਵਾਂਸ ਵੱਲੋਂ ਜ਼ੇਲੈਂਸਕੀ ਨੂੰ ਇਹ ਕਹਿਣ ਨਾਲ ਹੋਈ, ‘‘ਰਾਸ਼ਟਰਪਤੀ ਜੀ। ਮੈਨੂੰ ਲੱਗਦਾ ਹੈ ਕਿ ਤੁਸੀਂ ਅਮਰੀਕੀ ਮੀਡੀਆ ਦੇ ਸਾਹਮਣੇ ਇਸ ਮਾਮਲੇ ’ਤੇ ਦਾਅਵਾ ਕਰ ਕੇ ਬੇਇੱਜ਼ਤੀ ਕਰ ਰਹੇ ਹੋ।’’
ਜ਼ੇਲੈਂਸਕੀ ਨੇ ਅਪੀਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਟਰੰਪ ਨੇ ਉੱਚੀ ਆਵਾਜ਼ ਵਿੱਚ ਕਿਹਾ, ‘‘ਤੁਸੀਂ ਲੱਖਾਂ ਲੋਕਾਂ ਦੀ ਜ਼ਿੰਗਦੀ ਨਾਲ ਖਿਲਵਾੜ ਕਰ ਰਹੇ ਹੋ।’’ ਟਰੰਪ ਨੇ ਕਿਹਾ, ‘‘ਤੁਸੀਂ ਤੀਜੀ ਵਿਸ਼ਵ ਜੰਗ ਨੂੰ ਸੱਦਾ ਦੇ ਰਹੇ ਹੋ ਅਤੇ ਜੋ ਤੁਸੀਂ ਕਰ ਰਹੇ ਹੋ, ਉਹ ਦੇਸ਼ ਦੇ ਲਈ ਵੱਡੀ ਬੇਇੱਜ਼ਤੀ ਹੈ, ਇਹ ਉਹ ਦੇਸ਼ ਹੈ ਜਿਸ ਨੇ ਤੁਹਾਡੇ ਲਈ ਬਹੁਤ ਜ਼ਿਆਦਾ ਸਮਰਥਨ ਦਿੱਤਾ ਹੈ।’’
ਆਮ ਤੌਰ ’ਤੇ ਗੰਭੀਰ ਚਰਚਾਵਾਂ ਲਈ ਪ੍ਰਸਿੱਧ ਓਵਲ ਆਫ਼ਿਸ ਵਿੱਚ ਇਹ ਤਣਾਅ ਅਤੇ ਖੁੱਲ੍ਹੇ ਤੌਰ ’ਤੇ ਉੱਚੀ ਆਵਾਜ਼ ਵਿੱਚ ਗੱਲਬਾਤ ਕਰਨ ਦਾ ਦ੍ਰਿਸ਼ ਹੈਰਾਨ ਕਰਨ ਵਾਲਾ ਸੀ। ਇਸ ਤੋਂ ਪਹਿਲਾਂ ਬੈਠਕ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਸੈਨਿਕ ਸਹਾਇਤਾ ਦੇਣਾ ਜਾਰੀ ਰੱਖੇਗਾ, ਪਰ ਬਹੁਤ ਵੱਡੀ ਸਹਾਇਤਾ ਨਹੀਂ ਮਿਲੇਗੀ।