#AMERICA

ਮਿਸ਼ੀਗਨ ਵਿੱਚ ਟਰੱਕ ਤੇ ਵੈਨ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ 6 ਮੌਤਾਂ ਤੇ 6 ਜ਼ਖਮੀ

ਸੈਕਰਾਮੈਂਟੋ,ਕੈਲੀਫੋਰਨੀਆ, 18 ਅਗਸਤ , (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਟਸਕੋਲਾ ਕਾਊਂਟੀ , ਮਿਸ਼ੀਗਨ ਵਿੱਚ ਟਰੱਕ ਡਰਾਇਵਰ ਦੀ ਲਾਪਰਵਾਹੀ ਕਾਰਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 6 ਮੌਤਾਂ ਹੋਣ ਤੇ 6 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਟਸਕੋਲਾ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਹਾਦਸਾ ਗਿਲਫੋਰਡ ਟਾਊਨਸ਼ਿੱਪ ਵਿੱਚ 5 ਵਜੇ ਸ਼ਾਮ ਤੋਂ ਪਹਿਲਾਂ ਉਸ ਵੇਲੇ ਵਾਪਰਿਆ ਜਦੋਂ ਇੱਕ ਪਿੱਕ ਅੱਪ ਟਰੱਕ ਰੁਕਣ ਦੇ ਇਸ਼ਾਰੇ ਦੀ ਉਲੰਘਣਾ ਕਰਕੇ ਅੱਗੇ ਇੱਕ ਵੈਨ ਨਾਲ ਜਾ ਟਕਰਾਇਆ। ਵੈਨ ਵਿੱਚ ਅਮੀਸ਼ ਭਾਈਚਾਰੇ ਦੇ 10 ਲੋਕ ਸਵਾਰ ਸਨ ਜਿਨਾਂ ਵਿਚੋਂ 5 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਟਰੱਕ ਵਿੱਚ ਸਵਾਰ 3 ਵਿਅਕਤੀਆਂ ਵਿਚੋਂ 1 ਦੀ ਮੌਤ ਹੋ ਗਈ। ਸ਼ੈਰਿਫ ਦਫਤਰ ਨੇ ਕਿਹਾ ਹੈ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰ ਕੇ ਅਜਿਹੇ ਹਾਦਸੇ ਰੋਕੇ ਜਾ ਸਕਦੇ ਹਨ। ਹਾਦਸੇ ਵਿੱਚ ਬਚੇ ਲੋਕਾਂ ਦੀ ਹਾਲਤ ਬਾਰੇ ਪਤਾ ਨਹੀਂ ਲੱਗਾ ਹੈ। ਅਮੀਸ਼ ਲੋਕ ਸਥਾਨਕ ਆਉਣ ਜਾਣ ਲਈ ਆਮ ਤੌਰ ‘ਤੇ ਘੋੜਿਆਂ ਤੇ ਬੱਗੀ ਦੀ ਵਰਤੋਂ ਕਰਦੇ ਹਨ  ਪਰੰਤੂ ਦੂਰ ਜਾਣ ਲਈ ਗੱਡੀਆਂ ਦੀ ਵਰਤੋਂ ਕਰਦੇ ਹਨ।