#AMERICA

ਮਿਸ਼ੀਗਨ ਦੇ ਹਾਈ ਸਕੂਲ ‘ਚ ਨਬਾਲਗ Student ਵੱਲੋਂ ਕੀਤੀ ਗੋਲੀਬਾਰੀ ਦਾ ਮਾਮਲਾ

ਗੰਨ ਨੂੰ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਮੇਰੇ ਪਤੀ ਦੀ ਸੀ; ਮਾਂ ਨੇ ਅਦਾਲਤ ਵਿਚ ਕਿਹਾ
ਸੈਕਰਾਮੈਂਟੋ, 3 ਫਰਵਰੀ (ਹੁਸਨ ਲੜਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਰਾਜ ਮਿਸ਼ੀਗਨ ਦੇ ਇਕ ਹਾਈ ਸਕੂਲ ਵਿਚ 2021 ਵਿਚ ਇਕ ਨਬਾਲਗ ਵਿਦਿਆਰਥੀ ਵੱਲੋਂ ਬਸਤੇ ਵਿਚ ਲੁਕੋ ਕੇ ਲਿਆਂਦੀ ਗੰਨ ਨਾਲ ਕੀਤੀ ਗੋਲੀਬਾਰੀ ਜਿਸ ਵਿਚ 4 ਵਿਦਿਆਰਥੀ ਮਾਰੇ ਗਏ ਸਨ ਤੇ 7 ਹੋਰ ਜ਼ਖਮੀ ਹੋ ਗਈ ਸਨ, ਦੇ ਮਾਮਲੇ ਵਿਚ ਆਪਣੇ ਵਿਰੁੱਧ ਚੱਲ ਰਹੇ ਮੁਕੱਦਮੇ ਵਿਚ ਬਿਆਨ ਦਿੰਦਿਆਂ ਮਾਂ ਜੈਨੀਫਰ ਕਰੁੰਬਲੇ ਨੇ ਕਿਹਾ ਕਿ ਪੁੱਤਰ ਦੀ ਗੰਨ ਨੂੰ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਮੇਰੇ ਪਤੀ ਦੀ ਸੀ। ਉਸ ਨੇ ਕਿਹਾ ਕਿ ਜਦੋਂ ਉਸ ਦਾ ਪਤੀ ਜੇਮਜ਼ ਕਰੂੰਬਲੇ ਤੇ ਪੁੱਤਰ 9 ਐੱਮ.ਐੱਮ. ਦੀ ਗੰਨ ਖਰੀਦ ਕੇ ਲਿਆਏ ਸਨ, ਤਾਂ ਉਹ ਖਰੀਦਦਾਰੀ ਕਰਨ ਲਈ ਘਰੋਂ ਬਾਹਰ ਗਈ ਹੋਈ ਸੀ। ਜੈਨੀਫਰ ਕਰੁੰਬਲੇ ਨੂੰ ਗੈਰ ਇਰਾਦਾ ਕਤਲਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਪਤੀ ਵਿਰੁੱਧ ਵੀ ਇਨ੍ਹਾਂ ਹੀ ਦੋਸ਼ਾਂ ਤਹਿਤ ਮਾਰਚ ਦੇ ਸ਼ੁਰੂ ਵਿਚ ਸੁਣਵਾਈ ਸ਼ੁਰੂ ਹੋਵੇਗੀ। ਇਥੇ ਜ਼ਿਕਰਯੋਗ ਹੈ ਕਿ ਕਰੁੰਬਲੇ ਜੋੜੇ ਦੇ ਜੇਲ ਵਿਚ ਬੰਦ ਪੁੱਤਰ ਏਥਾਨ ਗੋਲੀਬਾਰੀ ਕਰਨ ਸਮੇਂ 15 ਸਾਲ ਦਾ ਸੀ, ਉਸ ਨੂੰ ਪਿਛਲੇ ਸਾਲ ਬਿਨਾਂ ਪੈਰੋਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।