#AMERICA

ਮਿਸ਼ੀਗਨ ‘ਚ ਅੰਧਾਧੁੰਦ ਗੋਲੀਬਾਰੀ ‘ਚ 9 ਜ਼ਖਮੀ

-ਸ਼ੱਕੀ ਹਮਲਾਵਰ ਦੀ ਘਟਨਾ ਸਥਾਨ ਨੇੜੇ ਕੀਤੀ ਘੇਰਾਬੰਦੀ
ਸੈਕਰਾਮੈਂਟੋ, 17 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਮਿਸ਼ੀਗਨ ਰਾਜ ਦੇ ਰੋਚੈਸਟਰ ਹਿਲਜ਼ ਖੇਤਰ ‘ਚ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਅੰਧਾਧੁੰਦ ਗੋਲੀਬਾਰੀ ‘ਚ 9 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਸ਼ੱਕੀ ਹਮਲਾਵਰ ਘਟਨਾ ਸਥਾਨ ਨੇੜੇ ਹੀ ਇਕ ਘਰ ਵਿਚ ਲੁਕਿਆ ਹੋਇਆ, ਜਿਸ ਘਰ ਦੀ ਘੇਰਾਬੰਦੀ ਕੀਤੀ ਹੋਈ ਹੈ ਪਰੰਤੂ ਅਜੇ ਤੱਕ ਉਸ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਓਕਲੈਂਡ ਕਾਊਂਟੀ ਸ਼ੈਰਿਫ ਮਾਈਕਲ ਬੋਚਰਡ ਨੇ ਕਿਹਾ ਹੈ ਕਿ ਰੋਚੈਸਟਰ ਹਿਲਜ਼ ਵਿਚ ਬਰੁੱਕਲੈਂਡਜ ਪਲਾਜ਼ਾ ਸਪਲੈਸ਼ ਪੈਡ ‘ਤੇ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਗੋਲੀਆਂ ਵੱਜਣ ਕਾਰਨ 9 ਜਾਂ 10 ਲੋਕ ਜ਼ਖਮੀ ਹੋਏ ਹਨ। ਹਮਲਾਵਰ ਨੇ ਕੁੱਲ 28 ਗੋਲੀਆਂ ਚਲਾਈਆਂ। ਪੁਲਿਸ ਨੂੰ ਮੌਕੇ ਤੋਂ ਇਕ ਹੈਂਡਗੰਨ ਤੇ 3 ਖਾਲੀ ਮੈਗਜ਼ੀਨ ਬਰਾਮਦ ਹੋਏ ਹਨ। ਬੋਚਰਡ ਨੇ ਕਿਹਾ ਕਿ ਜ਼ਖਮੀਆਂ ‘ਚ ਇਕ 8 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸ਼ਾਮ 5.11 ਵਜੇ ਗੋਲੀਆਂ ਚੱਲਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਤੁਰੰਤ ਘਟਨਾ ਸਥਾਨ ‘ਤੇ ਪੁੱਜੇ। ਉਨ੍ਹਾਂ ਕਿਹਾ ਕਿ ਸ਼ੱਕੀ ਨੇ ਆਪਣੇ ਵਾਹਣ ਵਿਚੋਂ ਨਿਕਲ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬੋਚਰਡ ਅਨੁਸਾਰ ਲੱਗਦਾ ਹੈ ਕਿ ਇਹ ਅਚਨਚੇਤ ਵਾਪਰੀ ਘਟਨਾ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਜੇ ਮੁੱਢਲੀ ਸੂਚਨਾ ਹੈ ਤੇ ਹਰ ਪਲ ਸਥਿਤੀ ਬਦਲ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲੀ ਕੀਤੀ ਹੈ ਕਿ ਉਹ ਇਸ ਖੇਤਰ ਤੋਂ ਦੂਰ ਰਹਿਣ। ਗਵਰਨਰ ਗਰੇਟਚਨ ਵਿਟਮਰ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਉਪਰੰਤ ਉਹ ਨਿਰੰਤਰ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿਚ ਹਨ।