#AMERICA

ਮਿਨੀਸੋਟਾ ਹਾਊਸ ਸਪੀਕਰ ਤੇ ਉਸ ਦੇ ਪਤੀ ਦੀਆਂ ਗੋਲੀਆਂ ਮਾਰ ਕੇ ਹੱਤਿਆ

-ਸਟੇਟ ਸੈਨੇਟ ਮੈਂਬਰ ਤੇ ਉਸ ਦੀ ਪਤਨੀ ਗੰਭੀਰ ਜ਼ਖਮੀ
* ਸ਼ੱਕੀ ਹਮਲਾਵਰ ਪੁਲਿਸ ਦੀ ਵਰਦੀ ਵਿਚ ਆਇਆ ਤੇ ਘਟਨਾ ਨੂੰ ਅੰਜਾਮ ਦੇਣ ਉਪਰੰਤ ਹੋਇਆ ਫਰਾਰ
ਸੈਕਰਾਮੈਂਟੋ, 16 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਿਨੀਸੋਟਾ ਦੇ ਵਿਧਾਇਕ ਤੇ ਹਾਊਸ ਸਪੀਕਰ ਐਮੇਰੀਟਾ ਮੀਲੀਸਾ ਹਾਰਟਮੈਨ ਤੇ ਉਸ ਦੇ ਪਤੀ ਮਾਰਕ ਹਾਰਟਮੈਨ ਦੀ ਬਰੁੱਕਲਿਨ ਪਾਰਕ ਵਿਚ ਸਥਿਤ ਉਨ੍ਹਾਂ ਦੇ ਘਰ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਦਕਿ ਸਟੇਟ ਸੈਨੇਟ ਮੈਂਬਰ ਜੌਹਨ ਹਾਫਮੈਨ ਤੇ ਉਸ ਦੀ ਪਤਨੀ ਯੇਟੇ ਨੂੰ ਚੈਂਪਲਿਨ ਸਥਿਤ ਘਰ ਵਿਚ ਗੋਲੀਆਂ ਮਾਰ ਕੇ ਗੰਭੀਰ ਰੂਪ ‘ਚ ਜਖਮੀ ਕਰ ਦੇਣ ਦੀ ਖਬਰ ਹੈ। ਹਮਲਾਵਰ ਨੇ ਹਾਫਮੈਨ ਤੇ ਉਸ ਦੀ ਪਤਨੀ ਦੇ ਕਈ ਗੋਲੀਆਂ ਮਾਰੀਆਂ ਪਰੰਤੂ ਉਨ੍ਹਾਂ ਦੀ ਜਾਨ ਬਚ ਗਈ ਤੇ ਇਸ ਸਮੇਂ ਉਹ ਹਸਪਤਾਲ ਵਿਚ ਇਲਾਜ ਅਧੀਨ ਹਨ। ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਅਨੁਸਾਰ ਅਜਿਹਾ ਲੱਗਦਾ ਹੈ ਕਿ ਇਸ ਹਮਲੇ ਪਿੱਛੇ ਰਾਜਸੀ ਹਿੱਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਮਲਾ ਗਿਣਮਿੱਥ ਕੇ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਹਮਲਾਵਰ ਇਕ ਗੋਰਾ ਦੱਸਿਆ ਜਾਂਦਾ ਹੈ, ਜੋ ਆਪਣੇ ਆਪ ਨੂੰ ਲਾਅ ਇਨਫੋਰਸਮੈਂਟ ਅਫਸਰ ਦੱਸ ਕੇ ਘਰ ਵਿਚ ਦਾਖਲ ਹੋਇਆ ਤੇ ਗੋਲੀਆਂ ਮਾਰ ਕੇ ਫਰਾਰ ਹੋ ਗਿਆ।

ਸਟੇਟ ਸੈਨੇਟ ਮੈਂਬਰ ਜੌਹਨ ਹਾਫਮੈਨ

ਬਰੁੱਕਲਿਨ ਪਾਰਕ ਪੁਲਿਸ ਚੀਫ ਮਾਰਕ ਬਰੂਲੇ ਨੇ ਕਿਹਾ ਹੈ ਕਿ ਜਦੋਂ ਪੁਲਿਸ ਅਫਸਰ ਹਾਰਟਮੈਨ ਦੇ ਘਰ ਮੌਕੇ ਉਪਰ ਪੁੱਜੇ, ਤਾਂ ਘਰ ਦੇ ਬਾਹਰ ਪੁਲਿਸ ਦੀ ਗੱਡੀ ਖੜ੍ਹੀ ਸੀ ਤੇ ਉਸ ਦੀਆਂ ਐਮਰਜੈਂਸੀ ਲਾਈਟਾਂ ਜਗ ਰਹੀਆਂ ਸਨ। ਪੁਲਿਸ ਦੀ ਵਰਦੀ ਵਿਚ ਇਕ ਵਿਅਕਤੀ ਘਰ ਵਿਚੋਂ ਬਾਹਰ ਆਇਆ ਤੇ ਉਸ ਨੇ ਮੌਕੇ ਉਪਰ ਪੁੱਜੇ ਪੁਲਿਸ ਅਫਸਰਾਂ ਉਪਰ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਿਆ। ਬਰਲੇ ਨੇ ਕਿਹਾ ਹੈ ਕਿ ਸ਼ੱਕੀ ਦੀ ਗ੍ਰਿਫਤਾਰੀ ਲਈ ਸੈਂਕੜੇ ਪੁਲਿਸ ਅਫਸਰ ਕੰਮ ਕਰ ਰਹੇ ਹਨ ਤੇ ਉਸ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਮੁਖੀ ਨੇ ਕਿਹਾ ਕਿ ਹਾਰਟਮੈਨ ਇਕ ਕਮਾਲ ਦੀ ਜਨਤਕ ਸੇਵਿਕ ਸੀ, ਉਸ ਦੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਸ਼ੱਕੀ ਦੀ ਪਛਾਣ ਵੈਂਸ ਲੂਥਰ ਬੋਏਲਟਰ (57) ਵਜੋਂ ਕੀਤੀ ਹੈ। ਅਧਿਕਾਰੀਆਂ ਅਨੁਸਾਰ ਸ਼ੱਕੀ ਨੂੰ ਆਖਰੀ ਵਾਰ ਜੁੜਵੇਂ ਸ਼ਹਿਰਾਂ ਦੇ ਖੇਤਰ ‘ਚ ਵੇਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਹਥਿਆਰਬੰਦ ਹੈ ਤੇ ਉਹ ਹੋਰਨਾਂ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਇਸੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਹ ਬਹੁਤ ਦੁੱਖਦਾਈ ਘਟਨਾ ਹੈ ਤੇ ਲੱਗਦਾ ਹੈ ਕਿ ਵਿਧਾਨ ਸਭਾ ਮੈਂਬਰਾਂ ਨੂੰ ਗਿਣਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।