#OTHERS

ਮਾਸਕੋ ਨੇੜੇ ਕਾਰ ਬੰਬ ਧਮਾਕੇ ‘ਚ ਚੋਟੀ ਦੇ ਰੂਸੀ ਜਨਰਲ ਦੀ ਮੌਤ

ਮਾਸਕੋ, 25 ਅਪ੍ਰੈਲ (ਪੰਜਾਬ ਮੇਲ)- ਸ਼ੁੱਕਰਵਾਰ ਨੂੰ ਮਾਸਕੋ ਨੇੜੇ ਇੱਕ ਕਾਰ ਬੰਬ ਧਮਾਕੇ ਵਿਚ ਇੱਕ ਚੋਟੀ ਦੇ ਰੂਸੀ ਜਨਰਲ ਦੀ ਮੌਤ ਹੋ ਗਈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇੱਕ ਅੱਤਵਾਦੀ ਕਾਰਾ ਕਰਾਰ ਦਿੱਤਾ ਹੈ।
ਵੇਸਤੀ ਐੱਫ.ਐੱਮ. ਰੇਡੀਓ ਨੇ ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਰੱਖਿਆ ਮੰਤਰਾਲੇ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ, ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਮੌਤ ਇੱਕ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ ਦੇ ਫਟਣ ਨਾਲ ਹੋਈ ਹੈ।
ਜਾਂਚ ਕਮੇਟੀ ਦੀ ਤਰਜਮਾਨ ਸਵੇਤਲਾਨਾ ਪੀਤਰਨਕੋ ਨੇ ਕਿਹਾ, ”ਘਟਨਾ ਸਥਾਨ ‘ਤੇ ਡਿਵਾਈਸ ਦੇ ਟੁਕੜੇ ਮਿਲੇ ਹਨ ਅਤੇ ਉਹ ਜਾਂਚ ਲਈ ਭੇਜ ਦਿੱਤੇ ਗਏ ਹਨ।” 59 ਸਾਲਾ ਮੋਸਕਾਲਿਕ ਨੇ ਵੱਖ-ਵੱਖ ਗੱਲਬਾਤਾਂ ਵਿਚ ਰੱਖਿਆ ਮੰਤਰਾਲੇ ਦੀ ਨੁਮਾਇੰਦਗੀ ਕੀਤੀ।
ਇਸਦੀ ਤੁਰੰਤ ਪੁਸ਼ਟੀ ਨਹੀਂ ਹੋਈ ਕਿ ਕੀ ਉਨ੍ਹਾਂ ਦੀ ਹੱਤਿਆ ਸ਼ੁੱਕਰਵਾਰ ਨੂੰ ਬਾਅਦ ਵਿਚ ਕ੍ਰੈਮਲਿਨ ਨਾਲ ਅਮਰੀਕੀ ਰਾਜਦੂਤ ਸਟੀਵ ਵਿਟਕੋਫ ਦੀ ਯੂਕਰੇਨ ਮੁੱਦੇ ਉਤੇ ਹੋਣ ਵਾਲੀ ਗੱਲਬਾਤ ਨਾਲ ਜੁੜੀ ਹੋਈ ਸੀ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਜਨਰਲ ਦੀ ਹੱਤਿਆ ਨੂੰ ”ਅੱਤਵਾਦੀ ਕਾਰਵਾਈ” ਕਰਾਰ ਦਿੱਤਾ ਹੈ।
ਜ਼ਖਾਰੋਵਾ ਦੇ ਹਵਾਲੇ ਨਾਲ ਖ਼ਬਰ ਏਜੰਸੀ ਟੀ.ਏ.ਐੱਸ.ਐੱਸ. ਨੇ ਕਿਹਾ, ”ਮੁੱਖ ਸਵਾਲ ਇਹ ਹੈ ਕਿ ਯੂਰਪ ਦੇ ਕੇਂਦਰ, ਦੁਨੀਆ ਵਿਚ ਜੰਗ ਨੂੰ ਕਿਵੇਂ ਰੋਕਿਆ ਜਾਵੇ। ਅਸੀਂ ਹਰ ਰੋਜ਼ ਇੰਨੇ ਸਾਰੇ ਪੀੜਤ ਦੇਖਦੇ ਹਾਂ। ਅੱਜ ਵੀ, ਮਾਸਕੋ ਵਿਚ ਇੱਕ ਅੱਤਵਾਦੀ ਹਮਲੇ ਵਿਚ ਇੱਕ ਰੂਸੀ ਸੈਨਿਕ ਮਾਰਿਆ ਗਿਆ ਸੀ।”
ਯੂਕਰੇਨ ਖ਼ਿਲਾਫ਼ ਮੁਹਿੰਮ ਵਿਚ ਸ਼ਾਮਲ ਕਈ ਰੂਸੀ ਫੌਜੀ ਅਧਿਕਾਰੀਆਂ ਨੂੰ ਯੂਕਰੇਨੀ ਖੁਫੀਆ ਏਜੰਸੀ ”ਐੱਸ.ਬੀ.ਯੂ.” ਦੇ ਕਥਿਤ ਏਜੰਟਾਂ ਵੱਲੋਂ ਜੰਗ ਦੇ ਮੈਦਾਨ ਤੋਂ ਸੈਂਕੜੇ ਕਿਲੋਮੀਟਰ ਦੂਰ ਉਨ੍ਹਾਂ ਦੇ ਘਰਾਂ ਦੇ ਨੇੜੇ ਮਾਰ ਦਿੱਤਾ ਗਿਆ ਹੈ।