#PUNJAB

ਮਾਣਹਾਨੀ ਕੇਸ ‘ਚ ਕੰਗਨਾ ਅਦਾਲਤ ‘ਚ ਪੇਸ਼; ਮਿਲੀ ਜ਼ਮਾਨਤ

– ਅਗਲੀ ਸੁਣਵਾਈ 24 ਨਵੰਬਰ ਨੂੰ
– ਮਹਿੰਦਰ ਕੌਰ ਦੇ ਪਤੀ ਤੋਂ ਮੁਆਫੀ ਮੰਗਣ ਦਾ ਦਾਅਵਾ;
ਬਠਿੰਡਾ, 28 ਅਕਤੂਬਰ (ਪੰਜਾਬ ਮੇਲ)- ਫਿਲਮ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਮਾਣਹਾਨੀ ਕੇਸ ਵਿਚ ਜੁਡੀਸ਼ੀਅਲ ਮੈਜਿਸਟਰੇਟ ਪਹਿਲਾ ਦਰਜਾ, ਬਠਿੰਡਾ ਦੀ ਅਦਾਲਤ ‘ਚ ਪੇਸ਼ ਹੋਈ, ਜਿੱਥੋਂ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। 2020-21 ਦੇ ਕਿਸਾਨ ਅੰਦੋਲਨ ਦੌਰਾਨ ਕਥਿਤ ਤੌਰ ‘ਤੇ ਕੀਤੀ ਗਈ ਇੱਕ ਅਪਮਾਨਜਨਕ ਟਿੱਪਣੀ ਦੇ ਸਬੰਧ ਵਿਚ ਕੰਗਨਾ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਹੁਣ ਜੁਡੀਸ਼ੀਅਲ ਮੈਜਿਸਟਰੇਟ ਪਹਿਲਾ ਦਰਜਾ ਦੀ ਅਦਾਲਤ ਤੋਂ ਜੁਡੀਸ਼ੀਅਲ ਮੈਜਿਸਟਰੇਟ ਪਹਿਲਾ ਦਰਜਾ (ਸਪੈਸ਼ਲ ਕੋਰਟ) ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਅਗਲੀ ਸੁਣਵਾਈ 24 ਨਵੰਬਰ ਲਈ ਤੈਅ ਕੀਤੀ ਗਈ ਹੈ। ਸੁਣਵਾਈ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਦੁਪਹਿਰ ਨੂੰ ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਕੰਗਨਾ ਨੇ ਮੀਡੀਆ ਨੂੰ ਦੱਸਿਆ, ”ਇਹ ਸਿਰਫ਼ ਇੱਕ ਗਲਤਫਹਿਮੀ ਹੈ। ਮੈਂ ਸਿਰਫ਼ ਇੱਕ ਮੀਮ ਰੀਟਵੀਟ ਕੀਤਾ ਸੀ ਅਤੇ ਮੇਰਾ ਕਿਸੇ ਨੂੰ ਵੀ ਖਾਸ ਤੌਰ ‘ਤੇ ਦੁਖੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੈਂ ਪਹਿਲਾਂ ਹੀ ਮਹਿੰਦਰ ਕੌਰ ਜੀ ਦੇ ਪਤੀ ਨਾਲ ਗੱਲ ਕਰ ਲਈ ਹੈ ਅਤੇ ਉਨ੍ਹਾਂ ਤੋਂ ਮੁਆਫ਼ੀ ਮੰਗ ਲਈ ਹੈ, ਕਿਉਂਕਿ ਉਹ ਅੱਜ ਮੌਜੂਦ ਨਹੀਂ ਸਨ। ਕਿਸਾਨ ਅੰਦੋਲਨ ਦੌਰਾਨ, ਕਈ ਮੀਮ ਘੁੰਮ ਰਹੇ ਸਨ ਅਤੇ ਉਨ੍ਹਾਂ ਵਿਚੋਂ ਇੱਕ ਮੇਰੇ ਵੱਲੋਂ ਅਣਜਾਣੇ ਵਿਚ ਰੀਟਵੀਟ ਹੋ ਗਿਆ ਸੀ।” ਉਸ ਨੇ ਅੱਗੇ ਕਿਹਾ ਕਿ ਉਹ ਔਰਤਾਂ ਦਾ ਸਤਿਕਾਰ ਕਰਦੀ ਹੈ, ਫਿਰ ਭਾਵੇਂ ਉਹ ਹਿਮਾਚਲ ਪ੍ਰਦੇਸ਼ ਦੀਆਂ ਹੋਣ ਜਾਂ ਪੰਜਾਬ ਦੀਆਂ। ਕੰਗਨਾ ਨੇ ਦੋਸ਼ ਲਗਾਇਆ ਕਿ ਉਸ ਦੇ ਪੰਜਾਬ ਨਾਲ ਸਬੰਧ ਖ਼ਰਾਬ ਕਰਨ ਦੀ ਕੋਸ਼ਿਸ਼ ਵਜੋਂ ਕੁਝ ਸਿਆਸੀ ਤਾਕਤਾਂ ਨੇ ਇਸ ਮਾਮਲੇ ਨੂੰ ਹਵਾ ਦਿੱਤੀ ਹੈ।
ਦੂਜੇ ਪਾਸੇ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਘਬੀਰ ਸਿੰਘ ਬਹਿਨੀਵਾਲ ਨੇ ਕੰਗਨਾ ਦੇ ਦਾਅਵੇ ਦਾ ਵਿਰੋਧ ਕਰਦਿਆਂ ਕਿਹਾ, ”ਕੰਗਨਾ ਰਣੌਤ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਗਲਤੀ ਨਾਲ ਰੀਟਵੀਟ ਕੀਤਾ ਸੀ ਅਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਸੀ। ਪਰ ਮੇਰੇ ਮੁਵੱਕਿਲ ਦੇ ਪਤੀ ਲਾਭ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ (ਕੰਗਨਾ) ਨੇ ਪਹਿਲਾਂ ਕਦੇ ਮੁਆਫ਼ੀ ਨਹੀਂ ਮੰਗੀ। ਕੰਗਨਾ ਨੇ ਸੁਰੱਖਿਆ ਕਾਰਨਾਂ ਕਰਕੇ ਨਿੱਜੀ ਪੇਸ਼ੀ ਤੋਂ ਸਥਾਈ ਛੋਟ ਦੀ ਮੰਗ ਕਰਦੇ ਹੋਏ ਅਰਜ਼ੀ ਵੀ ਦਾਖ਼ਲ ਕੀਤੀ ਹੈ, ਜਿਸ ਦਾ ਅਸੀਂ ਵਿਰੋਧ ਕੀਤਾ।”
ਜ਼ਿਕਰਯੋਗ ਹੈ ਕਿ ਇਹ ਕੇਸ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੰਗਨਾ ਦੇ ਟਵੀਟ ਨਾਲ ਸਬੰਧਤ ਹੈ, ਜਿਸ ਵਿਚ ਉਸ ਨੇ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਇੱਕ ਬਜ਼ੁਰਗ ਕਿਸਾਨ ਔਰਤ ਮਹਿੰਦਰ ਕੌਰ ਦੀ ਤਸਵੀਰ ਸਾਂਝੀ ਕਰਕੇ ਉਸ ਦੀ ਤੁਲਨਾ ਸ਼ਾਹੀਨ ਬਾਗ ਪ੍ਰਦਰਸ਼ਨਾਂ ਦੀ ਬਜ਼ੁਰਗ ਔਰਤ ਬਿਲਕਿਸ ਬਾਨੋ ਨਾਲ ਕੀਤੀ ਸੀ। ਕੰਗਨਾ ਨੇ ਕਥਿਤ ਤੌਰ ‘ਤੇ ਦਾਅਵਾ ਕੀਤਾ ਸੀ ਕਿ ਅਜਿਹੀਆਂ ਔਰਤਾਂ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਲਈ ‘100 ਰੁਪਏ ਵਿਚ ਉਪਲਬਧ’ ਹਨ।
ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਐੱਕਸ ‘ਤੇ ਲਿਖਿਆ ਕਿ ਬੇਬੇ ਮਹਿੰਦਰ ਕੌਰ ਦੀ ਅਟੱਲ ਹਿੰਮਤ ਕਾਰਨ ਹੰਕਾਰ ਨਾਲ ਭਰੀ ਕੰਗਨਾ ਨੂੰ ਪਹਾੜਾਂ ਤੋਂ ਉਤਰ ਕੇ ਬਠਿੰਡਾ ਆ ਕੇ ਮਾਣਹਾਨੀ ਦੇ ਮਾਮਲੇ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, ”ਚੱਲੋ ਦੇਰ ਆਇਦ ਦਰੁਸਤ ਆਇਦ।”