#INDIA

ਮਹਾਰਾਸ਼ਟਰ ਵਿਧਾਨ ਪਰਿਸ਼ਦ ਚੋਣਾਂ: ਐੱਨ.ਡੀ.ਏ. ਨੇ 11 ਵਿਚੋਂ 9 ਸੀਟਾਂ ਜਿੱਤੀਆਂ

-ਇੰਡੀਆ ਗੱਠਜੋੜ ਦੇ ਦੋ ਮੈਂਬਰ ਜਿੱਤੇ
ਸ਼ਿਵ ਸੈਨਾ (ਯੂ.ਬੀ.ਟੀ.) ਵੱਲੋਂ ਭਾਰੀ ਮੀਂਹ ਦੇ ਮੱਦੇਨਜ਼ਰ ਵੋਟਿੰਗ ਦਾ ਸਮਾਂ ਇਕ ਘੰਟਾ ਵਧਾਉਣ ਦੀ ਮੰਗ
ਮੁੰਬਈ, 12 ਜੁਲਾਈ (ਪੰਜਾਬ ਮੇਲ)- ਮਹਾਰਾਸ਼ਟਰ ਵਿਧਾਨ ਪਰਿਸ਼ਦ ਦੀਆਂ 11 ਸੀਟਾਂ ‘ਤੇ ਅੱਜ ਚੋਣ ਹੋਈ, ਜਿਸ ਵਿਚ ਐੱਨ.ਡੀ.ਏ. ਦੇ ਨੌਂ ਮੈਂਬਰਾਂ ਦੇ ਜਿੱਤਣ ਦੀ ਖਬਰ ਹੈ। ਇਸ ਤੋਂ ਇਲਾਵਾ ਇੰਡੀਆ ਗੱਠਜੋੜ ਦੇ ਦੋ ਮੈਂਬਰ ਚੋਣ ਜਿੱਤੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕਾਂਗਰਸ ਦੇ ਕੁਝ ਮੈਂਬਰਾਂ ਨੇ ਕਰਾਸ ਵੋਟਿੰਗ ਕੀਤੀ ਹੈ। 11 ਸੀਟਾਂ ਵਿਚੋਂ ਭਾਜਪਾ ਨੂੰ 5, ਸ਼ਿਵ ਸੈਨਾ, ਐੱਨ.ਸੀ.ਪੀ. ਅਜਿਤ ਪਾਵਾਰ ਧੜੇ ਨੂੰ 2-2 ਸੀਟਾਂ ‘ਤੇ ਜਿੱਤ ਮਿਲੀ ਹੈ। ਮੌਜੂਦਾ ਸਮੇਂ ਇਸ ਵਿਚ ਮੈਂਬਰਾਂ ਦੀ ਗਿਣਤੀ 274 ਹੈ। ਇੱਥੇ ਵਿਧਾਨ ਭਵਨ ਕੰਪਲੈਕਸ ਵਿਚ ਸਵੇਰੇ 9 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਇਹ ਸ਼ਾਮ 4 ਵਜੇ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ ਸ਼ਾਮ ਨੂੰ 5 ਵਜੇ ਕੀਤੀ ਗਈ। ਵਿਧਾਨ ਪਰਿਸ਼ਦ ਦੇ 11 ਮੈਂਬਰਾਂ ਦਾ ਕਾਰਜਕਾਲ 27 ਜੁਲਾਈ ਨੂੰ ਖ਼ਤਮ ਹੋਣ ਜਾ ਰਿਹਾ ਹੈ। ਭਾਜਪਾ ਨੇ ਪੰਜ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ, ਜਦਕਿ ਉਸ ਦੇ ਮਹਾਯੁਤੀ ਸਹਿਯੋਗੀ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਦੋ-ਦੋ ਉਮੀਦਵਾਰ ਖੜ੍ਹੇ ਹੋਏ। ਕਾਂਗਰਸ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਨੇ ਇਕ-ਇਕ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ, ਜਦਕਿ ਮਹਾਵਿਕਾਸ ਅਗਾੜੀ ਦੀ ਉਨ੍ਹਾਂ ਦੀ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਪੀਜੇਂਟਸ ਐਂਡ ਵਰਕਰਜ਼ ਪਾਰਟੀ (ਪੀ.ਡਬਲਯੂ.ਪੀ.) ਦੇ ਉਮੀਦਵਾਰ ਨੂੰ ਸਮਰਥਨ ਦਿੱਤਾ।