#AMERICA

ਮਹਾਦੋਸ਼ ਦਾ ਸਾਹਮਣਾ ਕਰ ਰਹੇ ਟਰੰਪ ਨੂੰ ਵੱਡੀ ਰਾਹਤ

-ਪ੍ਰਤੀਨਿਧ ਸਭਾ ਵੱਲੋਂ ਟਰੰਪ ‘ਤੇ ਮਹਾਦੋਸ਼ ਲਗਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਭਾਰੀ ਵੋਟਿੰਗ
ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)- ਮਹਾਦੋਸ਼ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਮੰਗਲਵਾਰ ਨੂੰ ਸੰਸਦੀ ਪ੍ਰਵਾਨਗੀ ਤੋਂ ਬਿਨਾਂ ਈਰਾਨ ਵਿਰੁੱਧ ਫੌਜੀ ਕਾਰਵਾਈ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਮਹਾਦੋਸ਼ ਲਗਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਭਾਰੀ ਵੋਟਿੰਗ ਕੀਤੀ। ਇਸ ਸਬੰਧ ਵਿਚ ਪ੍ਰਸਤਾਵ ਨੂੰ 344 ਵੋਟਾਂ ਦੇ ਵਿਰੁੱਧ ਅਤੇ 79 ਦੇ ਹੱਕ ਵਿਚ ਵੋਟਾਂ ਪਈਆਂ। ਇਹ ਪ੍ਰਸਤਾਵ ਟੈਕਸਾਸ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਐਲ ਗ੍ਰੀਨ ਦੁਆਰਾ ਪੇਸ਼ ਕੀਤਾ ਗਿਆ ਸੀ, ਜਿਸ ‘ਤੇ ਸੰਖੇਪ ਚਰਚਾ ਹੋਈ ਅਤੇ ਉਨ੍ਹਾਂ ਦੀ ਪਾਰਟੀ ਦੇ ਅੰਦਰ ਵੰਡ ਹੋ ਗਈ।
ਡੈਮੋਕ੍ਰੇਟਿਕ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਪ੍ਰਸਤਾਵ ਵਿਰੁੱਧ ਵੋਟਿੰਗ ਕੀਤੀ। ਗ੍ਰੀਨ ਨੇ ਵੋਟਿੰਗ ਤੋਂ ਪਹਿਲਾਂ ਕਿਹਾ, ”ਮੈਂ ਇਹ ਇਸ ਲਈ ਕਰ ਰਿਹਾ ਹਾਂ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਅਮਰੀਕੀ ਸੰਸਦ ਨਾਲ ਸਲਾਹ ਕੀਤੇ ਬਿਨਾਂ 30 ਕਰੋੜ ਲੋਕਾਂ ਨੂੰ ਯੁੱਧ ਵਿਚ ਸੁੱਟਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।” ਮੈਨੂੰ ਲੱਗਦਾ ਹੈ ਕਿ ਜਾਂ ਤਾਂ ਸੰਵਿਧਾਨ ਸਾਰਥਕ ਸਾਬਤ ਹੋਵੇਗਾ ਜਾਂ ਇਹ ਅਰਥਹੀਣ ਹੋ ਜਾਵੇਗਾ।” ਟਰੰਪ ‘ਤੇ ਮਹਾਦੋਸ਼ ਲਗਾਉਣ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ, ਪਰ ਇਹ ਦਰਸਾਉਂਦਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੇ ਬਹੁਤ ਸਾਰੇ ਮੈਂਬਰ ਉਨ੍ਹਾਂ ਦੇ ਪ੍ਰਸ਼ਾਸਨ ਤੋਂ ਅਸਹਿਜ ਹਨ, ਖਾਸ ਕਰਕੇ ਈਰਾਨ ਦੇ ਪ੍ਰਮਾਣੂ ਕੇਂਦਰਾਂ ‘ਤੇ ਅਚਾਨਕ ਹਮਲੇ ਤੋਂ ਬਾਅਦ, ਜੋ ਕਿ ਪੱਛਮੀ ਏਸ਼ੀਆ ਦੇ ਮਾਮਲਿਆਂ ਵਿਚ ਇੱਕ ਜੋਖਮ ਭਰਿਆ ਦਖਲ ਹੈ। ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਗ੍ਰੀਨ ਦੀ ਸਿੱਧੇ ਤੌਰ ‘ਤੇ ਆਲੋਚਨਾ ਨਹੀਂ ਕੀਤੀ, ਸਗੋਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਧਿਆਨ ਹੋਰ ਮੁੱਦਿਆਂ ‘ਤੇ ਹੈ।
ਮਹਾਦੋਸ਼ ਦੇ ਮਾਮਲਿਆਂ ਵਿਚ ਆਮ ਤੌਰ ‘ਤੇ ਪਾਰਟੀ ਲੀਡਰਸ਼ਿਪ ਵੱਲੋਂ ਕਿਸੇ ਖਾਸ ਤਰੀਕੇ ਨਾਲ ਵੋਟ ਪਾਉਣ ਦਾ ਕੋਈ ਦਬਾਅ ਨਹੀਂ ਹੁੰਦਾ। ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਅਤੇ ਪ੍ਰਤੀਨਿਧੀ ਸਭਾ ਵਿਚ ਡੈਮੋਕ੍ਰੇਟਿਕ ਕਾਕਸ ਦੇ ਚੇਅਰਮੈਨ ਪੀਟ ਐਗੁਇਲਰ ਨੇ ਆਉਣ ਵਾਲੇ ਦਿਨਾਂ ਵਿਚ ਸੰਸਦ ਵਿਚ ਪਾਸ ਹੋਣ ਵਾਲੇ ਟਰੰਪ ਦੇ ਵੱਡੇ ਟੈਕਸ ਛੋਟ ਪੈਕੇਜ ਦਾ ਹਵਾਲਾ ਦਿੰਦੇ ਹੋਏ ਕਿਹਾ, ”ਮੈਨੂੰ ਲੱਗਦਾ ਹੈ ਕਿ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ‘ਤੇ ਧਿਆਨ ਕੇਂਦਰਿਤ ਕਰਨਾ ਇੱਕ ਭਟਕਣਾ ਹੋਵੇਗੀ, ਕਿਉਂਕਿ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ, ਜਿਸ ‘ਤੇ ਅਸੀਂ ਧਿਆਨ ਕੇਂਦਰਿਤ ਕਰ ਸਕਦੇ ਹਾਂ।”
ਡੈਮੋਕ੍ਰੇਟਿਕ ਪਾਰਟੀ ਨੇ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਦੋ ਵਾਰ ਮਹਾਦੋਸ਼ ਪ੍ਰਸਤਾਵ ਪੇਸ਼ ਕੀਤੇ ਹਨ। 2019 ਵਿਚ ਰੂਸੀ ਫੌਜੀ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਨੂੰ ਦਿੱਤੇ ਗਏ ਫੰਡਾਂ ਨੂੰ ਰੋਕਣ ਲਈ ਉਨ੍ਹਾਂ ਵਿਰੁੱਧ ਪਹਿਲਾ ਮਹਾਦੋਸ਼ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਟਰੰਪ ਦੇ ਸਮਰਥਕਾਂ ਨੇ 2021 ਵਿਚ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਇਡਨ ਦੀ ਜਿੱਤ ਦੇ ਵਿਰੋਧ ਵਿਚ 6 ਜਨਵਰੀ ਨੂੰ ਕੈਪੀਟਲ ਹਿੱਲ ‘ਤੇ ਹਮਲਾ ਕੀਤਾ ਸੀ, ਜਿਸ ਲਈ ਟਰੰਪ ਦੇ ਵਿਰੁੱਧ ਦੂਜਾ ਮਹਾਦੋਸ਼ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਦੋਵਾਂ ਮਹਾਂਦੋਸ਼ ਮਾਮਲਿਆਂ ਵਿਚ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਟਰੰਪ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਰਾਸ਼ਟਰਪਤੀ ਚੋਣ ਲੜਨ ਦਾ ਮੌਕਾ ਮਿਲਿਆ।