ਮੁੰਬਈ, 25 ਅਕਤੂਬਰ (ਪੰਜਾਬ ਮੇਲ)- ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ। ਭਾਰਤੀ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਦਾਕਾਰ ਹੁਣ ਨਹੀਂ ਰਹੇ। ਉਨ੍ਹਾਂ ਨੂੰ ਗੁਰਦੇ ਫੇਲ੍ਹ ਹੋਣ ਕਾਰਨ ਸ਼ਨੀਵਾਰ ਦੁਪਹਿਰ ਨੂੰ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਉਨ੍ਹਾਂ ਦੇ ਮੈਨੇਜਰ ਨੇ ਕਿਹਾ ਕਿ ਸ਼ਾਹ ਦੀ ਦੇਹ ਨੂੰ ਹਸਪਤਾਲ ਵਿਚ ਰੱਖਿਆ ਗਿਆ ਹੈ। ਅੰਤਿਮ ਸਸਕਾਰ ਐਤਵਾਰ ਯਾਨੀ ਭਲਕੇ ਕੀਤਾ ਜਾਵੇਗਾ।
ਸਤੀਸ਼ ਸ਼ਾਹ ਕੁਝ ਸਮੇਂ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਰਹੇ ਸਨ। ਉਹ ਲੰਬੇ ਸਮੇਂ ਤੋਂ ਕਿਸੇ ਵੀ ਜਨਤਕ ਸਮਾਗਮ ਜਾਂ ਫ਼ਿਲਮ ਵਿਚ ਨਹੀਂ ਦੇਖੇ ਗਏ ਸਨ। ਉਨ੍ਹਾਂ ਦੀ ਆਖਰੀ ਫ਼ਿਲਮ ‘ਹਮਸ਼ਕਲਸ’ 2014 ਵਿਚ ਰਿਲੀਜ਼ ਹੋਈ ਸੀ।
ਫਿਲਮ ਨਿਰਮਾਤਾ ਨੇ ਇੰਸਟਾਗ੍ਰਾਮ ‘ਤੇ ਮੌਤ ਦੀ ਖ਼ਬਰ ਸਾਂਝੀ ਕਰਦੇ ਹੋਏ ਲਿਖਿਆ, ‘ਬਹੁਤ ਦੁੱਖ ਅਤੇ ਸਦਮੇ ਨਾਲ ਮੈਂ ਤੁਹਾਨੂੰ ਸੂਚਿਤ ਕਰਦਾ ਹਾਂ ਕਿ ਸਾਡੇ ਪਿਆਰੇ ਦੋਸਤ ਅਤੇ ਸ਼ਾਨਦਾਰ ਅਦਾਕਾਰ ਸਤੀਸ਼ ਸ਼ਾਹ ਦਾ ਕੁਝ ਘੰਟੇ ਪਹਿਲਾਂ ਗੁਰਦੇ ਫੇਲ੍ਹ ਹੋਣ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਤੁਰੰਤ ਹਿੰਦੂਜਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਇਹ ਸਾਡੇ ਉਦਯੋਗ ਲਈ ਇੱਕ ਵੱਡਾ ਘਾਟਾ ਹੈ। ਓਮ ਸ਼ਾਂਤੀ।”
ਸਤੀਸ਼ ਸ਼ਾਹ ਦਾ ਜਨਮ 25 ਜੂਨ, 1951 ਨੂੰ ਮੁੰਬਈ ਵਿਚ ਹੋਇਆ ਸੀ। ਉਸਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਉਸਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐੱਫ.ਟੀ.ਆਈ.ਆਈ.) ਪੁਣੇ ਤੋਂ ਅਦਾਕਾਰੀ ਦੀ ਪੜ੍ਹਾਈ ਕੀਤੀ, ਜਿੱਥੇ ਉਸਦੇ ਕਰੀਅਰ ਦੀ ਨੀਂਹ ਪਈ।
ਸਤੀਸ਼ ਸ਼ਾਹ 1970 ਦੇ ਦਹਾਕੇ ਦੇ ਅਖੀਰ ਵਿਚ ਫਿਲਮ ਇੰਡਸਟਰੀ ਵਿਚ ਦਾਖਲ ਹੋਏ। ਉਹ 200 ਤੋਂ ਵੱਧ ਫਿਲਮਾਂ ਵਿਚ ਨਜ਼ਰ ਆਏ ਹਨ, ਜਿਨ੍ਹਾਂ ਵਿਚ ਕਈ ਸੁਪਰਹਿੱਟ ਫਿਲਮਾਂ ਵੀ ਸ਼ਾਮਲ ਹਨ। ਉਸਦੀਆਂ ਪ੍ਰਮੁੱਖ ਫਿਲਮਾਂ ਵਿਚ ਜਾਨੇ ਭੀ ਦੋ ਯਾਰੋ (1983), ਮਾਸੂਮ (1983), ਕਭੀ ਹਾਂ ਕਭੀ ਨਾ (1994), ਹਮ ਆਪਕੇ ਹੈ ਕੌਨ (1994), ਦਿਲਵਾਲੇ ਦੁਲਹਨੀਆ ਲੇ ਜਾਏਂਗੇ (1995), ਕਲ ਹੋ ਨਾ ਹੋ (2003), ਮੈਂ ਹੂੰ ਨਾ (2004), ਰਾ.ਵਨ (2011), ਚਲਤੇ ਚਲਤੇ (2012) ਅਤੇ ਮੁਝਸੇ ਸ਼ਾਦੀ ਕਰੋਗੀ ਸ਼ਾਮਲ ਸਨ।
ਮਸ਼ਹੂਰ ਅਦਾਕਾਰ ਸ਼ਤੀਸ਼ ਸ਼ਾਹ ਦਾ 74 ਸਾਲ ਦੀ ਉਮਰ ‘ਚ ਦੇਹਾਂਤ

