ਅਮਰੀਕੀ ਰਾਸ਼ਟਰਪਤੀ ਅਤੇ ਕਾਰੋਬਾਰੀ ਦਰਮਿਆਨ ਮੁੜ ਸੁਧਰ ਸਕਦੇ ਨੇ ਰਿਸ਼ਤੇ
ਵਾਸ਼ਿੰਗਟਨ, 13 ਜੂਨ (ਪੰਜਾਬ ਮੇਲ)- ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਪਾਈਆਂ ਕੁਝ ਪੋਸਟਾਂ ‘ਤੇ ਉਨ੍ਹਾਂ ਨੂੰ ਅਫ਼ਸੋਸ ਹੈ ਕਿਉਂਕਿ ਇਨ੍ਹਾਂ ਵਿਚ ਉਹ ‘ਬਹੁਤ ਅਗਾਂਹ’ ਲੰਘ ਗਏ ਸਨ। ਟਰੰਪ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਦੇ ਅਪਮਾਨ ਤੋਂ ਬਾਅਦ ਮਸਕ ਨਾਲ ਉਨ੍ਹਾਂ ਦੇ ਰਿਸ਼ਤੇ ਖ਼ਤਮ ਹੋ ਗਏ ਸਨ। ਆਪਣੀਆਂ ਪੋਸਟਾਂ ਵਿਚ ਟੈਸਲਾ ਅਤੇ ਸਪੇਸਐਕਸ ਦੇ ਸੀ. ਈ. ਓ. ਮਸਕ ਨੇ ਰਾਸ਼ਟਰਪਤੀ ਦੇ ਵੱਡੇ ਟੈਕਸ ਅਤੇ ਖ਼ਰਚ ਬਿੱਲ ਨੂੰ ‘ਘਿਣਾਉਣੀ ਕਾਰਵਾਈ’ ਕਰਾਰ ਦਿੱਤਾ ਸੀ। ਮਸਕ ਨੇ ਉਦੋਂ ਤੋਂ ਟਰੰਪ ਦੀ ਆਲੋਚਨਾ ਕਰਦੀਆਂ ਆਪਣੀਆਂ ਕੁਝ ਪੋਸਟਾਂ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ਵਿਚ ਰਾਸ਼ਟਰਪਤੀ ‘ਤੇ ਮਹਾਦੋਸ਼ ਦਾ ਮੁਕੱਦਮਾ ਚਲਾਉਣ ਲਈ ਸਮਰਥਨ ਦਾ ਸੰਕੇਤ ਦੇਣ ਵਾਲੀ ਪੋਸਟ ਵੀ ਸ਼ਾਮਲ ਹੈ।
ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਦੇ ਨਜ਼ਦੀਕੀ ਸੂਤਰਾਂ ਮੁਤਾਬਕ ਉਸ ਦਾ ਗੁੱਸਾ ਹੁਣ ਘੱਟ ਗਿਆ ਹੈ ਅਤੇ ਉਹ ਟਰੰਪ ਨਾਲ ਸੰਬੰਧਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਉਂਝ ਮਸਕ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਕਿਹੜੀਆਂ ਖਾਸ ਪੋਸਟਾਂ ਬਾਰੇ ਉਹ ਗੱਲ ਕਰ ਰਿਹਾ ਹੈ। ਮਸਕ ਦੀ ਪੋਸਟ ਤੋਂ ਬਾਅਦ ਫਰੈਂਕਫਰਟ ਵਿਚ ਟੈਸਲਾ ਦੇ ਸ਼ੇਅਰ 2.7 ਫ਼ੀਸਦੀ ਚੜ੍ਹ ਗਏ। ਬਾਜ਼ਾਰ ਦੇ ਕੁਝ ਵਿਸ਼ਲੇਸ਼ਕ ਇਸ ਘਟਨਾਕ੍ਰਮ ਨੂੰ ਮਸਕ ਅਤੇ ਟਰੰਪ ਵਿਚਕਾਰ ਸੰਬੰਧਾਂ ‘ਚ ਮੁੜ ਤੋਂ ਸੁਧਾਰ ਵਜੋਂ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਜੇ ਮਸਕ ਫੋਨ ਕਰਦਾ ਹੈ, ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।
ਮਸਕ ਵੱਲੋਂ ਟਰੰਪ ਖ਼ਿਲਾਫ਼ ਪਾਈਆਂ ਪੋਸਟਾਂ ‘ਤੇ ਅਫ਼ਸੋਸ ਜ਼ਾਹਰ
