ਵਾਸ਼ਿੰਗਟਨ, 1 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਮੁੱਖ ਕਾਨੂੰਨ ‘ਤੇ ਤਿੱਖਾ ਹਮਲਾ ਕਰਦਿਆਂ ਅਰਬਪਤੀ ਐਲਨ ਮਸਕ ਨੇ ਇਕ ਨਵੀਂ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਸ਼੍ਰੀ ਮਸਕ ਨੇ ਦੱਸਿਆ ਕਿ ‘ਪਾਗਲਪਣ ਭਰੇ ਬਿੱਲ’ ‘ਚ 5 ਲੱਖ ਕਰੋੜ ਡਾਲਰ ਦੀ ਕਰਜ਼ ਸੀਮਾ ‘ਚ ਵਾਧੇ ਨਾਲ ਆਮ ਅਮਰੀਕੀਆਂ ਲਈ ਨੁਕਸਾਨ ਹੋਵੇਗਾ। ਐਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ,”ਇਸ ਬਿੱਲ ਦੇ ਪਾਗਲਪਣ ਭਰੇ ਖਰਚੇ ਤੋਂ ਇਹ ਸਪੱਸ਼ਟ ਹੈ ਕਿ ਜੋ ਕਰਜ਼ ਸੀਮਾ ਨੂੰ ਰਿਕਾਰਡ 5 ਟ੍ਰਿਲੀਅਨ ਡਾਲਰ (5 ਲੱਖ ਕਰੋੜ ਡਾਲਰ) ਤੱਕ ਵਧਾਉਂਦਾ ਹੈ ਕਿ ਅਸੀਂ ਇਕ ਪਾਰਟੀ ਵਾਲੇ ਦੇਸ਼ ‘ਚ ਰਹਿੰਦੇ ਹਾਂ- ਪੋਕੀ ਪਿਗ ਪਾਰਟੀ! ਇਕ ਨਵੀਂ ਰਾਜਨੀਤੀ ਪਾਰਟੀ ਬਣਾਉਣ ਦਾ ਸਮਾਂ ਆ ਗਿਆ ਹੈ ਜੋ ਅਸਲ ‘ਚ ਲੋਕਾਂ ਦੀ ਪਰਵਾਹ ਕਰਦੀ ਹੈ।”ਅਮਰੀਕੀ ਰਾਸ਼ਟਰਪਤੀ ਦੇ ਪ੍ਰਮੁੱਖ ਖਰਚ ਬਿੱਲ- ‘ਵਨ ਬਿਗ ਬਿਊਟੀਫੁਲ ਬਿੱਲ’ ਦੀ ਆਲੋਚਨਾ ਅਜਿਹੇ ਸਮੇਂ ਹੋਈ ਹੈ, ਜਦੋਂ ਇਕ ਹਫ਼ਤੇ ਦੀ ਗੱਲਬਾਤ ਅਤੇ ਦੇਰੀ ਤੋਂ ਬਾਅਦ ਸੀਨੇਟ ‘ਚ ਘਰੇਲੂ ਨੀਤੀ ਬਿੱਲ ਦਾ ਮੈਰਾਥਨ ਵੋਟਿੰਗ ਸੈਸ਼ਨ ਚੱਲ ਰਿਹਾ ਹੈ। ਸੀਨੇਟ ਦੇ ਨੇਤਾ ਜਾਨ ਥੂਨ ਨੇ ਦੱਸਿਆ ਕਿ ਉਮੀਦ ਹੈ ਜਲਦ ਪਤਾ ਲੱਗ ਜਾਵੇਗਾ ਕਿ ਕੀ ਰਿਪਬਲਿਕਨ ਕੋਲ ਬਿੱਲ ਨੂੰ ਪਾਸ ਕਰਨ ਲਈ ਲੋੜੀਂਦੇ ਵੋਟ ਹਨ ਜਾਂ ਨਹੀਂ। ਉਨ੍ਹਾਂ ਕਿਹਾ,”ਇਸ ‘ਚ ਥੋੜ੍ਹਾ ਸਮਾਂ ਲੱਗ ਸਕਦਾ ਹੈ।”
ਮਸਕ ਬਣਾਉਣ ਜਾ ਰਹੇ ਨਵੀਂ ਪਾਰਟੀ!
