ਲਾਹੌਰ, 23 ਫਰਵਰੀ (ਪੰਜਾਬ ਮੇਲ)- ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ (50) ਦਾ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨਾ ਤੈਅ ਹੈ। ਇਸ ਸਬੰਧ ‘ਚ ਸੂਬਾਈ ਵਿਧਾਨ ਸਭਾ ਦਾ ਉਦਘਾਟਨੀ ਇਜਲਾਸ ਸੱਦ ਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਬਲਿਗਰ ਰਹਿਮਾਨ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਸੈਸ਼ਨ ਸੱਦਿਆ, ਜਿਸ ‘ਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਹਲਫ਼ ਦਿਵਾਉਣ ਦੇ ਨਾਲ ਨਵੀਂ ਸਰਕਾਰ ਦੇ ਗਠਨ ਦਾ ਅਮਲ ਸ਼ੁਰੂ ਹੋ ਜਾਵੇਗਾ। ਪੀ.ਐੱਮ.ਐੱਲ.-ਐੱਨ. ਨੇ ਮਰੀਅਮ ਨੂੰ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ। ਪੀ.ਐੱਮ.ਐੱਲ.-ਐੱਨ. ਨੇ 137, ਜਦਕਿ ਇਮਰਾਨ ਖ਼ਾਨ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰਾਂ ਨੇ 113 ਸੀਟਾਂ ਜਿੱਤੀਆਂ ਹਨ। ਇਸ ਤੋਂ ਇਲਾਵਾ 20 ਹੋਰ ਆਜ਼ਾਦ ਵਿਧਾਇਕ ਪੀ.ਐੱਮ.ਐੱਲ.-ਐੱਨ. ‘ਚ ਸ਼ਾਮਲ ਹੋ ਗਏ ਹਨ। ਉਧਰ ਮਰੀਅਮ ਦੀ ਪਹਿਲਾਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜੋ ਅਕਸਰ ਮੁੱਖ ਮੰਤਰੀ ਨੂੰ ਦਿੱਤੀ ਜਾਂਦੀ ਹੈ।