#PUNJAB

ਮਨੀਸ਼ ਤਿਵਾੜੀ ਨੇ ਪੰਜਾਬੀ ‘ਚ ਚੁੱਕੀ ਸੰਸਦ ਮੈਂਬਰ ਵਜੋਂ ਸਹੁੰ

ਚੰਡੀਗੜ੍ਹ, 25 ਜੂਨ (ਪੰਜਾਬ ਮੇਲ)- ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕਰਨ ਵਾਲੇ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਸੋਮਵਾਰ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਪੰਜਾਬੀ ‘ਚ ਸਹੁੰ ਚੁੱਕ ਕੇ ਸਮੂਹ ਪੰਜਾਬੀਆਂ ਤੇ ਪੰਜਾਬੀ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦੇ ਪਿਤਾ ਵਿਸ਼ਵਨਾਥ ਤਿਵਾੜੀ ਪੰਜਾਬੀ ਦੇ ਉੱਘੇ ਸਾਹਿਤਕਾਰ ਸਨ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਪੰਜਾਬੀ ਦੇ ਪ੍ਰੋਫੈਸਰ ਰਹੇ।
ਉਨ੍ਹਾਂ ਨੇ ‘ਯਾਦਾਂ ਤੋਂ ਯਾਦਾਂ’, ‘ਤਨ ਦੀ ਚਿਖਾ’, ‘ਅੱਕ ਦੀ ਅੰਬੀ’, ‘ਗਰਾਜ਼ ਤੋਂ ਫੁੱਟਪਾਥ ਤੀਕ’, ‘ਚੁੱਪੀ ਦੀ ਪੈੜ’, ‘ਇਕੱਲ ਤੋਂ ਇਕੱਲ ਦਾ ਸਫ਼ਰ’, ‘ਸਿਮਰਨ ਤੋਂ ਸ਼ਹਾਦਤ ਤੀਕ’, ‘ਪਗੜੀ ਸੰਭਾਲ ਓਏ’, ‘ਰੱਬ ਬੁੱਢਾ ਹੋ ਗਿਆ’ ਵਰਗੇ ਕਾਵਿ ਸੰਗ੍ਰਿਹਾਂ ਤੋਂ ਇਲਾਵਾ ‘ਚਿਣਗਾਂ’, ‘ਡੇਲੀਆ’, ‘ਕੁੱਖ ਦੀ ਚੋਰੀ’ ਵਰਗੇ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਹ ਨਾ ਸਿਰਫ਼ ਮਹਾਨ ਪੰਜਾਬੀ ਲਿਖਾਰੀ ਸਨ, ਸਗੋਂ ਉਹ ਪੰਜਾਬੀ ਭਾਸ਼ਾ ਦੇ ਵੱਡੇ ਸਮਰਥਕ ਸਨ, ਜਿਨ੍ਹਾਂ ਨੇ ਚੰਡੀਗੜ੍ਹ ਨੂੰ ਪੰਜਾਬੀ ਭਾਸ਼ਾਈ ਖੇਤਰ ਸਾਬਿਤ ਕਰਨ ਵਾਸਤੇ ਇਕ ਮੁਹਿੰਮ ਵੀ ਚਲਾਈ।