#PUNJAB

ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਹਲਕੇ ਤੋਂ ਕਾਗਜ਼ ਭਰੇ

ਚੰਡੀਗੜ੍ਹ, 24 ਅਕਤੂਬਰ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਵੀਰਵਾਰ ਨੂੰ ਗਿੱਦੜਬਾਹਾ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਗਿੱਦੜਬਾਹਾ ਚੋਣ ਲਈ ਭਾਜਪਾ ਇੰਚਾਰਜ ਅਵਿਨਾਸ਼ ਰਾਏ ਖੰਨਾ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ, ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਅਤੇ ਪਾਰਟੀ ਦੇ ਹੋਰ ਆਗੂ ਵੀ ਉਨ੍ਹਾਂ ਨਾਲ ਸਨ।

ਇਸ ਸਬੰਧੀ ਆਪਣੇ ਫੇਸਬੁੱਕ ਖ਼ਾਤੇ ਉਤੇ ਪਾਈ ਪੋਸਟ ਵਿਚ ਮਨਪ੍ਰੀਤ ਬਾਦਲ ਨੇ ਰਿਟਰਨਿੰਗ ਅਫ਼ਸਰ ਕੋਲ ਕਾਗਜ਼ ਦਾਖ਼ਲ ਕੀਤੇ ਜਾਣ ਵੇਲੇ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨਾਲ ਹੀ ਆਪਣੀ ਪੋਸਟ ਵਿਚ ਲਿਖਿਆ ਹੈ, ‘‘ਗਿੱਦੜਬਾਹਾ ਉਹ ਥਾਂ ਹੈ ਜਿੱਥੇ ਮੇਰੀ ਕਹਾਣੀ ਸ਼ੁਰੂ ਹੋਈ, ਮੇਰੀ ਨੀਂਹ ਅਤੇ ਮੇਰਾ ਮਾਣ। ਭਾਜਪਾ ਉਹ ਪਰਿਵਾਰ ਹੈ ਜੋ ਮੇਰੇ ਉਦੇਸ਼ ਨੂੰ ਮਜ਼ਬੂਤ ​​ਕਰਦਾ ਹੈ।… ਅੱਜ ਇੱਕ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ। ਮੈਂ ਗਿੱਦੜਬਾਹਾ ਤੋਂ ਵਿਧਾਇਕ ਲਈ ਚੋਣ ਲੜਨ ਲਈ ਭਾਜਪਾ ਉਮੀਦਵਾਰ ਵਜੋਂ ਅਧਿਕਾਰਤ ਤੌਰ ‘ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ।’’

ਗ਼ੌਰਤਲਬ ਹੈ ਕਿ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਇਥੋਂ 2022 ਵਿਚ ਵਿਧਾਇਕ ਚੁਣੇ ਗਏ ਕਾਂਗਰਸ ਦੇ ਸੂਬਾ ਪ੍ਰਧਾਨ ਅਰਮਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਹੋ ਰਹੀ ਹੈ। ਉਨ੍ਹਾਂ ਹਾਲੀਆ ਆਮ ਚੋਣਾਂ ਵਿਚ ਲੁਧਿਆਣਾ ਹਲਕੇ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਗਿੱਦੜਬਾਹਾ ਸੀਟ ਖ਼ਾਲੀ ਕੀਤੀ ਸੀ।