#PUNJAB

ਭ੍ਰਿਸ਼ਟਾਚਾਰ ਮਾਮਲਾ: ਸੀ.ਬੀ.ਆਈ. ਨੂੰ ਡੀ.ਆਈ.ਜੀ. ਭੁੱਲਰ ਦਾ 14 ਦਿਨਾ ਨਿਆਂਇਕ ਰਿਮਾਂਡ ਮਿਲਿਆ

ਚੰਡੀਗੜ੍ਹ, 17 ਅਕਤੂਬਰ (ਪੰਜਾਬ ਮੇਲ)- ਸੀ.ਬੀ.ਆਈ. ਵੱਲੋਂ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਵੀਰਵਾਰ ਨੂੰ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਅੱਜ ਮੈਡੀਕਲ ਜਾਂਚ ਮਗਰੋਂ ਚੰਡੀਗੜ੍ਹ ਸਥਿਤ ਸੀ.ਬੀ.ਆਈ. ਅਦਾਲਤ ‘ਚ ਪੇਸ਼ ਕੀਤਾ ਗਿਆ। ਸੀ.ਬੀ.ਆਈ. ਕੋਰਟ ਨੇ ਕੇਂਦਰੀ ਏਜੰਸੀ ਨੂੰ ਭੁੱਲਰ ਦਾ 14 ਦਿਨਾ ਨਿਆਂਇਕ ਰਿਮਾਂਡ ਦੇ ਦਿੱਤਾ ਹੈ।
ਸੀ.ਬੀ.ਆਈ. ਨੇ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਵਿਚਲੀ ਕੋਠੀ ‘ਤੇ ਵੀਰਵਾਰ ਨੂੰ ਛਾਪਾ ਮਾਰਿਆ ਤੇ ਉਥੋਂ ਕਰੀਬ 5 ਕਰੋੜ ਰੁਪਏ ਦੀ ਨਕਦੀ ਅਤੇ ਡੇਢ ਕਿਲੋ ਸੋਨਾ ਜ਼ਬਤ ਕੀਤਾ। ਟੀਮ ਨੂੰ ਬੀ.ਐੱਮ.ਡਬਲਯੂ. ਅਤੇ ਔਡੀ ਕਾਰਾਂ ਦੀਆਂ ਚਾਬੀਆਂ, ਪੰਜਾਬ ਵਿਚ ਕਈ ਜਾਇਦਾਦਾਂ ਦੇ ਦਸਤਾਵੇਜ਼, ਸਮਰਾਲਾ ਵਿਚ ਇੱਕ ਫਾਰਮ ਹਾਊਸ, 22 ਲਗਜ਼ਰੀ ਘੜੀਆਂ, 40 ਲਿਟਰ ਵਿਦੇਸ਼ੀ ਸ਼ਰਾਬ, ਇੱਕ ਡਬਲ-ਬੈਰਲ ਬੰਦੂਕ, ਪਿਸਤੌਲ, ਰਿਵਾਲਵਰ, ਏਅਰਗੰਨ ਅਤੇ ਵੱਡੀ ਮਾਤਰਾ ਵਿਚ ਗੋਲਾ ਬਾਰੂਦ ਵੀ ਮਿਲਿਆ।
ਸੀ.ਬੀ.ਆਈ. ਨੇ ਡੀ.ਆਈ.ਜੀ. ਭੁੱਲਰ ਨੂੰ ਮੁਹਾਲੀ ਸਥਿਤ ਉਨ੍ਹਾਂ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਡੀਲਰ ਨਰੇਸ਼ ਬੱਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਭੁੱਲਰ ਨੇ ਐੱਫ.ਆਈ.ਆਰ. ਦਾ ਨਿਪਟਾਰਾ ਕਰਨ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਹ ਰਿਸ਼ਵਤ ਕਥਿਤ ਤੌਰ ‘ਤੇ ਇਕ ਦਲਾਲ ਕ੍ਰਿਸ਼ਨੂ ਰਾਹੀਂ ਮੰਗੀ ਗਈ ਸੀ, ਜਿਸ ਨੂੰ ਸੀ.ਬੀ.ਆਈ. ਨੇ ਗ੍ਰਿਫ਼ਤਾਰ ਕਰ ਲਿਆ ਹੈ।
ਛਾਪੇਮਾਰੀ ਦੌਰਾਨ, ਸੀ.ਬੀ.ਆਈ. ਨੂੰ ਮਿਲੀ ਵੱਡੀ ਮਾਤਰਾ ਵਿਚ ਨਕਦੀ ਦਾ ਪਤਾ ਲਗਾਉਣ ਲਈ ਨੋਟ ਗਿਣਨ ਵਾਲੀਆਂ ਤਿੰਨ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਏਜੰਸੀ ਨੇ ਕ੍ਰਿਸ਼ਨੂ ਤੋਂ 21 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ। ਅਧਿਕਾਰੀਆਂ ਅਨੁਸਾਰ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਐੱਫ.ਆਈ.ਆਰ. ਅਨੁਸਾਰ, ਡੀ.ਆਈ.ਜੀ. ਭੁੱਲਰ ਨੇ ‘ਸੇਵਾ ਪਾਣੀ’ ਦੇ ਨਾਮ ‘ਤੇ ਕਾਰੋਬਾਰੀ ਨੂੰ ਮਹੀਨਾਵਾਰ ਭੁਗਤਾਨ ਕਰਨ ਲਈ ਕਿਹਾ ਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਝੂਠੇ ਮਾਮਲਿਆਂ ਵਿਚ ਫਸਾਉਣ ਦੀ ਧਮਕੀ ਦਿੱਤੀ। ਸ਼ਿਕਾਇਤ ਵਿਚ 11 ਅਕਤੂਬਰ ਨੂੰ ਸੈਕਟਰ 9ਡੀ ਮਾਰਕੀਟ, ਚੰਡੀਗੜ੍ਹ ਤੋਂ ਇੱਕ ਵਟਸਐਪ ਕਾਲ ਦੀ ਰਿਕਾਰਡਿੰਗ ਵੀ ਸ਼ਾਮਲ ਹੈ, ਜਿਸ ਵਿਚ ਭੁੱਲਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘8 ਫੜਨੇ ਨੇ 8… ਚੱਲ ਜਿੰਨਾ ਦਿੰਦੈ ਨਾਲ ਨਾਲ ਫੜੀ ਚੱਲ, ਓਹਨੂ ਕਹਿਦੇ 8 ਕਰ ਦੇ ਪੂਰਾ।”
ਭੁੱਲਰ 2007 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਨ ਅਤੇ ਨਵੰਬਰ 2024 ਵਿਚ ਰੂਪਨਗਰ ਰੇਂਜ ਦੇ ਡੀ.ਆਈ.ਜੀ. ਵਜੋਂ ਤਾਇਨਾਤ ਸਨ। ਉਹ ਪੰਜਾਬ ਦੇ ਸਾਬਕਾ ਡੀ.ਆਈ.ਜੀ. ਐੱਮ.ਐੱਸ. ਭੁੱਲਰ ਦੇ ਪੁੱਤਰ ਹਨ। ਆਪਣੇ ਕਰੀਅਰ ਦੌਰਾਨ, ਉਹ ਪਟਿਆਲਾ ਰੇਂਜ ਦੇ ਡੀ.ਆਈ.ਜੀ., ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ ਅਤੇ ਕਈ ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਵਜੋਂ ਸੇਵਾ ਨਿਭਾ ਚੁੱਕੇ ਹਨ।
ਉਨ੍ਹਾਂ ਨੇ 2021 ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਡਰੱਗ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੀ ਅਗਵਾਈ ਕੀਤੀ ਸੀ ਅਤੇ ਸੂਬਾ ਸਰਕਾਰ ਦੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਵਿਚ ਵੀ ਸਰਗਰਮ ਭੂਮਿਕਾ ਨਿਭਾਈ ਸੀ।