#PUNJAB

ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ‘ਚ ਵਿਜੀਲੈਂਸ ਵੱਲੋਂ ਅਗਲੇ ਕੁਝ ਦਿਨਾਂ ‘ਚ ਕਾਰਵਾਈ ਹੋਵੇਗੀ ਤੇਜ਼

– ਵਿਜੀਲੈਂਸ ਬਿਊਰੋ ਵੱਲੋਂ 2 ਸਾਬਕਾ ਮੰਤਰੀ ਤਲਬ
– ਜੂਨ ਮਹੀਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਬੁਲਾਏ ਜਾਣ ਦੀ ਸੰਭਾਵਨਾ
ਜਲੰਧਰ, 30 ਮਈ (ਪੰਜਾਬ ਮੇਲ)- ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ‘ਚ 2 ਸਾਬਕਾ ਮੰਤਰੀਆਂ ਨੂੰ ਤਲਬ ਕਰ ਲਿਆ ਹੈ। ਬਿਊਰੋ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ 31 ਮਈ ਨੂੰ ਸਾਬਕਾ ਕਾਂਗਰਸ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਬੁਲਾਇਆ ਗਿਆ ਹੈ। ਕਾਂਗੜ ਨੂੰ ਇਸ ਤੋਂ ਪਹਿਲਾਂ ਵੀ ਬਿਊਰੋ ਨੇ ਬੁਲਾਇਆ ਸੀ ਪਰ ਕਾਂਗੜ ਨੇ ਦਲੀਲ ਦਿੱਤੀ ਸੀ ਕਿ ਉਹ ਸਿਹਤ ਕਾਰਨਾਂ ਕਰਕੇ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਨਹੀਂ ਹੋ ਸਕਦੇ। ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੰਤਰੀ ਅਤੇ ਭਾਜਪਾ ਦੇ ਮੌਜੂਦਾ ਆਗੂ ਬਲਬੀਰ ਸਿੰਘ ਸਿੱਧੂ ਨੂੰ ਵੀ 5 ਜੂਨ ਨੂੰ ਵਿਜੀਲੈਂਸ ਬਿਊਰੋ ‘ਚ ਬੁਲਾਇਆ ਹੈ।
ਬਿਊਰੋ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਅਸਲ ‘ਚ ਵਿਜੀਲੈਂਸ ਬਿਊਰੋ ਇਨ੍ਹਾਂ ਦੋਵਾਂ ਮਾਮਲਿਆਂ ‘ਚ ਆਮਦਨ ਤੋਂ  ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਬਿਊਰੋ ਨੇ ਆਪਣੇ ਕੋਲ ਕੁਝ ਰਿਕਾਰਡ ਵੀ ਇਕੱਠਾ ਕੀਤਾ ਹੋਇਆ ਹੈ। ਹੁਣ ਦੋਵੇਂ ਸਾਬਕਾ ਮੰਤਰੀਆਂ ਵੱਲੋਂ ਵਿਜੀਲੈਂਸ ਬਿਊਰੋ ਦੇ ਸਾਹਮਣੇ ਆਪਣੀ ਜਾਇਦਾਦ ਨੂੰ ਲੈ ਕੇ ਆਪਣੇ ਦਸਤਾਵੇਜ਼ ਪੇਸ਼ ਕੀਤੇ ਜਾਣਗੇ। ਇਨ੍ਹਾਂ ਦਸਤਾਵੇਜ਼ਾਂ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਦੋਵਾਂ ਨੂੰ ਪ੍ਰੋਫਾਰਮਾ ਦੇ ਚੁੱਕਾ ਹੈ ਅਤੇ ਇਸ ਪ੍ਰੋਫਾਰਮੇ ਨੂੰ ਭਰ ਕੇ ਦੋਵੇਂ ਸਾਬਕਾ ਮੰਤਰੀ ਵਿਜੀਲੈਂਸ ਅਧਿਕਾਰੀਆਂ ਕੋਲ ਜਮਾਂ ਕਰਵਾਉਣਗੇ। ਸੂਬੇ ‘ਚ ਵਿਜੀਲੈਂਸ ਬਿਊਰੋ ਵੱਲ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਵਿਜੀਲੈਂਸ ਬਿਊਰੋ ਇਸ ਸਬੰਧੀ ਵੱਖ-ਵੱਖ ਆਗੂਆਂ ਨੂੰ ਤਲਬ ਕਰਨ ਚ ਲੱਗੀ ਹੋਈ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਇਕ ਪ੍ਰੋਫਾਰਮਾ ਦਿੱਤਾ ਗਿਆ ਸੀ, ਜਿਸ ‘ਚ ਉਨ੍ਹਾਂ ਤੋਂ ਉਨ੍ਹਾਂ ਦੀ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਜੂਨ ਮਹੀਨੇ ‘ਚ ਬੁਲਾਏ ਜਾਣ ਦੀ ਸੰਭਾਵਨਾ ਹੈ। ਉਹ ਇਕ ਵਾਰ ਵਿਜੀਲੈਂਸ ਅਧਿਕਾਰੀਆਂ ਸਾਹਮਣੇ ਪੇਸ਼ ਹੋ ਚੁੱਕੇ ਹਨ। ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਭ੍ਰਿਸ਼ਟਾਚਾਰ ਨਾਲ ਸਬੰਧਤ ਕਈ ਹੋਰ ਮਾਮਲਿਆਂ ‘ਚ ਵੀ ਵਿਜੀਲੈਂਸ ਵੱਲੋਂ ਅਗਲੇ ਕੁਝ ਦਿਨਾਂ ‘ਚ ਆਪਣੀ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਕਈ ਹੋਰ ਆਗੂਆਂ ਨੂੰ ਵੀ ਸੰਮਨ ਭੇਜੇ ਜਾਣ ਦੀ ਸੰਭਾਵਨਾ ਹੈ।

Leave a comment