#CANADA

ਭਿਆਨਕ ਸੜਕ ਹਾਦਸੇ ‘ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ

ਵੈਨਕੂਵਰ, 9 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਦੇ ਵੈਨਕੂਵਰ ਹਾਈਵੇਅ ਨੰਬਰ 1 ‘ਤੇ ਭਿਆਨਕ ਕਾਰ ਸੜਕ ਹਾਦਸਾ ਵਾਪਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਹਾਦਸੇ ‘ਚ 4 ਭਾਰਤੀ ਵਿਦਿਆਰਥੀ ਜੋ ਕਾਰ ‘ਚ ਸਵਾਰ ਸਨ, ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।
ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਾਦਸੇ ਵਿਚ ਇੱਕ ਔਰਤ ਦੀ ਕਾਰ ਅਤੇ 4 ਭਾਰਤੀ ਵਿਦਿਆਰਥੀਆਂ ਦੀ ਕਾਰ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ ਸੀ, ਜਿਸ ‘ਚ 2 ਭਾਰਤੀ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਲੋਕਾਂ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਹਾਲਾਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਕੈਨੇਡੀਅਨ ਮੀਡੀਆ ਦੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਚਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਇਹ ਸਾਰੇ ਭਾਰਤੀ ਵਿਦਿਆਰਥੀ ਹਨ ਅਤੇ ਆਰਜ਼ੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਏ ਸਨ। ਹਾਲਾਂਕਿ ਪੁਲਿਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਦੂਜੀ ਕਾਰ ਸਵਾਰ ਔਰਤ ਕੌਣ ਸੀ ਅਤੇ ਹੁਣ ਉਸ ਦੀ ਹਾਲਤ ਕਿਵੇਂ ਹੈ। ਪਰ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹ ਕੈਨੇਡੀਅਨ ਨਾਗਰਿਕ ਸੀ।
ਵੈਸਟ ਵੈਨਕੂਵਰ ਪੁਲਿਸ ਵਿਭਾਗ ਨੇ ਕਿਹਾ ਕਿ ਇੱਕ ਕਾਰ ਵੈਸਟਪੋਰਟ ਰੋਡ ਦੇ ਨੇੜੇ ਵੈਸਟ ਸਾਈਡ ਲੇਨ ਵਿਚ ਪੂਰਬ ਵੱਲ ਨੂੰ ਜਾ ਰਹੀ ਸੀ। ਰਾਤ ਕਰੀਬ 11:40 ਵਜੇ ਇਸ ਦੀ ਇਕ ਹੋਰ ਗੱਡੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ 2 ਭਾਰਤੀ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੱਡੀ ‘ਚ ਸਵਾਰ ਬਾਕੀ 2 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। 4 ਲੋਕਾਂ ਦੀ ਪਛਾਣ ਦਾ ਪੁਲਿਸ ਵੱਲੋਂ ਖੁਲਾਸਾ ਨਹੀਂ ਕੀਤਾ ਗਿਆ।
ਵੈਨਕੂਵਰ ਪੁਲਿਸ ਵਿਭਾਗ ਨੇ ਕਿਹਾ ਕਿ ਸਾਡੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਗੰਭੀਰ ਹਾਦਸੇ ਵਿਚ 20 ਅਤੇ 21 ਸਾਲ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਬਾਕੀ 2 ਨੌਜਵਾਨ ਜਿਨ੍ਹਾਂ ਦੀ ਉਮਰ 19 ਅਤੇ 20 ਸਾਲ ਸੀ, ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਦੂਜੇ ਪਾਸੇ ਇਸ ਹਾਦਸੇ ਵਿਚ ਇੱਕ 26 ਸਾਲਾ ਲੜਕੀ ਵੀ ਗੰਭੀਰ ਜ਼ਖ਼ਮੀ ਹੋ ਗਈ। ਪਰ ਪੁਲਿਸ ਨੇ ਉਸ ਦੀ ਪਛਾਣ ਨਹੀਂ ਦੱਸੀ ਹੈ ਅਤੇ ਨਾ ਹੀ ਉਸ ਦੀ ਮੈਡੀਕਲ ਸਥਿਤੀ ਬਾਰੇ ਅਜੇ ਤੱਕ ਕਿਸੇ ਨੂੰ ਸੂਚਿਤ ਕੀਤਾ ਗਿਆ ਹੈ।
ਇਸ ਘਟਨਾ ਬਾਰੇ ਵੈਨਕੂਵਰ ਪੁਲਿਸ ਨੇ ਕਿਹਾ ”ਇਹ ਘਟਨਾ ਕਿਸੇ ਵੀ ਦੇਸ਼ ਵਿਚ ਮਾਤਾ-ਪਿਤਾ ਨੂੰ ਹੈਰਾਨ ਕਰ ਦੇਵੇਗੀ। ਅਸਥਾਈ ਸਟੂਡੈਂਟ ਵੀਜ਼ੇ ‘ਤੇ ਭਾਰਤ ਤੋਂ ਇੱਥੇ ਪੜ੍ਹਾਈ ਕਰਨ ਆਏ 4 ਲੜਕਿਆਂ ਦੀ ਕਾਰ ਦਾ ਭਿਆਨਕ ਹਾਦਸਾ ਹੋ ਗਿਆ ਹੈ। ਜਿਨ੍ਹਾਂ ਵਿਚੋਂ 2 ਲੋਕਾਂ ਦੀ ਮੌਤ ਹੋ ਗਈ ਹੈ, ਅਸੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੁਖਦਾਈ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਇਸ ਔਖੇ ਸਮੇਂ ਵਿਚ ਸਾਡੀ ਸੰਵੇਦਨਾ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਹੈ। ਅਸੀਂ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ, ਜੋ ਇਸ ਦੁਖਾਂਤ ਵਿਚ ਜ਼ਖਮੀ ਜਾਂ ਮਾਰੇ ਗਏ ਹਨ। ਪੁਲਿਸ ਨੇ ਅੱਗੇ ਕਿਹਾ ਕਿ ਪੀੜਤ ਪਰਿਵਾਰ ਦੀ ਨਿੱਜਤਾ ਅਤੇ ਮਰਨ ਵਾਲਿਆਂ ਦੇ ਅਕਸ ਨੂੰ ਸੁਰੱਖਿਅਤ ਰੱਖਣ ਲਈ, ਅਸੀਂ ਉਨ੍ਹਾਂ ਦੇ ਨਾਮ ਜਾਂ ਹੋਰ ਵੇਰਵੇ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ।”