#CANADA

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਸ.ਪ. ਸਿੰਘ ਨਾਲ International ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ

ਟੋਰਾਂਟੋ, 28 ਫਰਵਰੀ (ਪੰਜਾਬ ਮੇਲ)- ਅੰਤਰਰਾਸ਼ਟਰੀ ਸਾਹਿਤਕ ਸਾਂਝਾ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਪ੍ਰੋਗਰਾਮ ”ਸਿਰਜਣਾ ਦੇ ਆਰ-ਪਾਰ” ਵਿਚ ਇਸ ਵਾਰ ਪ੍ਰਸਿੱਧ ਸਿੱਖਿਆ ਸ਼ਾਸਤਰੀ, ਨਾਮਵਰ ਸ਼ਖ਼ਸੀਅਤ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸ.ਪ. ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਦੇ ਵਿਸ਼ੇਸ਼ ਯਤਨਾਂ ਨਾਲ ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਕੁਲਜੀਤ ਕੌਰ ਨੇ ਕੀਤਾ। ਪ੍ਰੋਗਰਾਮ ਦੇ ਆਰੰਭ ਵਿਚ ਡਾ. ਬਲਜੀਤ ਕੌਰ ਰਿਆੜ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਉਪਰੰਤ ਡਾ. ਸਰਬਜੀਤ ਕੌਰ ਸੋਹਲ ਨੇ ਡਾ. ਸ.ਪ. ਸਿੰਘ ਨੂੰ ਜੀ ਆਇਆਂ ਕਿਹਾ ਅਤੇ ਡਾ. ਸ.ਪ. ਸਿੰਘ ਦੇ ਇਸ ਪ੍ਰੋਗਰਾਮ ਵਿਚ ਬਤੌਰ ਮਹਿਮਾਨ ਸ਼ਾਮਲ ਹੋਣ ਨੂੰ ਮਾਣ ਅਤੇ ਖੁਸ਼ੀ ਵਾਲਾ ਮੌਕਾ ਦੱਸਿਆ। ਉਨ੍ਹਾਂ ਦੁਆਰਾ ਬਤੌਰ ਵਾਈਸ ਚਾਂਸਲਰ ਬਤੌਰ ਵਿਦਵਾਨ ਪੰਜਾਬੀ ਮਾਤ ਭਾਸ਼ਾ ਦੇ ਵਿਕਾਸ ਅਤੇ ਪ੍ਰਵਾਸੀ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਕਾਰਜਾਂ ਦੀ ਉਨ੍ਹਾਂ ਸ਼ਲਾਘਾ ਕੀਤੀ। ਡਾ. ਸ.ਪ. ਸਿੰਘ ਨੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸਦਿਆਂ ਆਪਣੇ ਪਿਤਾ ਸ. ਰਘਬੀਰ ਸਿੰਘ ਅਤੇ ਮਾਤਾ ਕਰਤਾਰ ਕੌਰ ਦੁਆਰਾ ਦਿੱਤੇ ਗਏ ਪਿਆਰ ਅਤੇ ਉਤਸ਼ਾਹ ਕਾਰਨ ਸਾਹਿਤ ਅਤੇ ਪੱਤਰਕਾਰੀ ਵਿਚ ਦਿਲਚਸਪੀ ਬਾਰੇ ਦੱਸਿਆ। ਪਾਕਿਸਤਾਨ ਬਣਨ ਸਮੇਂ ਜਲੰਧਰ ਆਕੇ ਵੱਸਣ ਅਤੇ ਆਪਣੀ ਪ੍ਰਾਇਮਰੀ ਅਤੇ ਉੱਚ ਸਿੱਖਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਰਵਾਸੀ ਸਾਹਿਤਕਾਰਾਂ ਪ੍ਰਤੀ ਪ੍ਰਕਾਸ਼ਕਾਂ ਜਾਂ ਹੋਰ ਸੰਸਥਾਵਾਂ ਦੇ ਵਿਹਾਰ ਤੋਂ ਨਿਰਾਸ਼ ਹੋ ਕੇ ਪ੍ਰਵਾਸੀ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਵਿਸਥਾਰ ਸਹਿਤ ਦੱਸਿਆ। ਪ੍ਰਵਾਸੀ ਸਾਹਿਤ ਨੂੰ ਇਕ ਵਿਸ਼ੇ ਵੱਜੋਂ ਸਿਲੇਬਸ ਵਿਚ ਸ਼ਾਮਲ ਕਰਨ ਦੀ ਪਹਿਲਕਦਮੀ ਵੀ ਡਾ. ਸ.ਪ. ਸਿੰਘ ਨੇ ਕੀਤੀ। ਉਨ੍ਹਾਂ ਸ਼ੁਰੂਆਤੀ ਦੌਰ ਵਿਚ ਪੱਤਰਕਾਰੀ ਕਰਨ ਸਮੇਂ ਦੀਆਂ ਚੁਣੌਤੀਆਂ ਬਾਰੇ ਵੀ ਦੱਸਿਆ। ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਮਾਤੀ ਹੁੰਦਿਆਂ ਡਾ. ਸਾਧੂ ਸਿੰਘ ਹਮਦਰਦ ਜੀ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਆਪਣੀ ਪਤਨੀ ਪ੍ਰੋ. ਜਗਦੀਸ਼ ਕੌਰ ਦੇ ਸਾਥ ਅਤੇ ਉਤਸ਼ਾਹ ਬਾਰੇ ਦੱਸਿਆ ਅਤੇ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਵਿਚ ਉਨ੍ਹਾਂ ਦੇ ਸਹਿਯੋਗ ਨੂੰ ਮਹੱਤਵ ਪੂਰਨ ਮੰਨਿਆ। ਉੱਚ ਸਿੱਖਿਆ ਦੀਆਂ ਚੁਣੌਤੀਆਂ, ਨਵੀਂ ਸਿੱਖਿਆ ਨੀਤੀ ਬਾਰੇ ਵਿਚਾਰ ਦੱਸਦਿਆਂ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਆਪਣੀ ਜ਼ਿੰਦਗੀ ‘ਚ ਆਪਣੇ ਉਚ ਅਹੁਦਿਆਂ ‘ਤੇ ਰਹਿੰਦਿਆਂ ਆਤਮ ਸੰਤੁਸ਼ਟੀ ਜ਼ਾਹਿਰ ਕੀਤੀ। ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਦੀ ਅਕਾਦਮਿਕ ਕਮੇਟੀ ਦੇ ਪ੍ਰਧਾਨ ਦੇ ਤੌਰ ‘ਤੇ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।
ਪ੍ਰਵਾਸੀ ਸਾਹਿਤਕਾਰ ਪ੍ਰੋ. ਜਾਗੀਰ ਸਿੰਘ ਕਾਹਲੋਂ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਪ੍ਰਬੰਧਕ ਸ਼੍ਰੀ ਮਲੂਕ ਸਿੰਘ ਕਾਹਲੋਂ ਨੇ ਪ੍ਰਵਾਸੀ ਸਾਹਿਤ, ਪ੍ਰਵਾਸੀ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਅੰਤ ਵਿਚ ਡਾ. ਸਰਬਜੀਤ ਕੌਰ ਸੋਹਲ ਨੇ ਸਮੁੱਚੇ ਪ੍ਰੋਗਰਾਮ ਬਾਰੇ ਆਪਣੇ ਪ੍ਰਭਾਵ ਪੇਸ਼ ਕਰਦਿਆਂ ਡਾ. ਸ.ਪ. ਸਿੰਘ ਜੀ ਦੀ ਸ਼ਖ਼ਸੀਅਤ ਨੂੰ ਪ੍ਰੇਰਨਾਦਾਇਕ ਦੱਸਿਆ। ਇਸ ਪ੍ਰੋਗਰਾਮ ਵਿਚ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਰਿੰਟੂ ਭਾਟੀਆ, ਅਮਨਬੀਰ ਸਿੰਘ ਧਾਮੀ, ਸ. ਹਰਦਿਆਲ ਸਿੰਘ ਝੀਤਾ, ਅੰਮ੍ਰਿਤਾ ਦਰਸ਼ਨ ਯੂ.ਕੇ., ਡਾ. ਬਲਜੀਤ ਸਿੰਘ ਵਾਈਸ ਪ੍ਰਿੰਸੀਪਲ, ਗੁਰਚਰਨ ਸਿੰਘ ਜੋਗੀ, ਹਰਭਜਨ ਕੌਰ ਗਿੱਲ, ਜਸਪਾਲ ਸਿੰਘ ਦੇਸੂਵੀ, ਅਮਰਜੀਤ ਸਿੰਘ ਜੀਤ, ਦਲਵੀਰ ਕੌਰ ਯੂ.ਕੇ. ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਹੋਰ ਬਹੁਤ ਸਾਰੇ ਵਿਦਵਾਨ, ਲੇਖਕ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਰਮਿੰਦਰ ਰੰਮੀ ਨੇ ਡਾ. ਸ.ਪ. ਸਿੰਘ ਦੀ ਕੈਨੇਡਾ ਫੇਰੀ ਵੇਲੇ ਉਥੋਂ ਦੇ ਲੇਖਕਾਂ ਦੇ ਮਨਾਂ ਵਿਚ ਉਤਸ਼ਾਹ ਅਤੇ ਖੁਸ਼ੀ ਦਾ ਜ਼ਿਕਰ ਕਰਦਿਆਂ ਡਾ. ਸ.ਪ. ਸਿੰਘ ਜੀ ਦਾ ਸਿਰਜਣਾ ਦੇ ਆਰ-ਪਾਰ ਪ੍ਰੋਗਰਾਮ ਵਿਚ ਸ਼ਾਮਲ ਹੋਣ ‘ਤੇ ਧੰਨਵਾਦ ਕੀਤਾ। ਰਮਿੰਦਰ ਰੰਮੀ ਨੇ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਪ੍ਰੋ. ਕੁਲਜੀਤ ਕੌਰ ਬਹੁਤ ਹੀ ਮੰਝੇ ਹੋਏ ਐਂਕਰ ਤੇ ਟੀ.ਵੀ. ਹੋਸਟ ਨੇ, ਆਪਣੇ ਨਿਵੇਕਲੇ ਅੰਦਾਜ਼ ਵਿਚ ਬਹੁਤ ਸ਼ਾਨਦਾਰ ਰੂਬਰੂ ਕਰਦੇ ਹਨ। ਸਮੁੱਚੇ ਤੌਰ ‘ਤੇ ਡਾ. ਸ.ਪ. ਸਿੰਘ ਨਾਲ ਇਹ ਪ੍ਰੋਗਰਾਮ ਬਹੁਤ ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ