ਨਵੀਂ ਦਿੱਲੀ, 24 ਜੂਨ (ਪੰਜਾਬ ਮੇਲ)- ਭਾਰਤ ਜਲਦ ਹੀ ਪਾਸਪੋਰਟ ਸੇਵਾ ਪ੍ਰੋਗਰਾਮ (ਪੀ.ਐੱਸ.ਪੀ.-ਵਰਜ਼ਨ 2.0) ਦਾ ਦੂਜਾ ਪੜਾਅ ਸ਼ੁਰੂ ਕਰੇਗਾ। ਇਸ ਵਿਚ ਨਵੇਂ ਅਤੇ ਅਪਗ੍ਰੇਡਿਡ ਈ-ਪਾਸਪੋਰਟ ਸ਼ਾਮਲ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਸਪੋਰਟ ਸੇਵਾ ਦਿਵਸ ਦੇ ਮੌਕੇ ‘ਤੇ ਇਹ ਐਲਾਨ ਕੀਤਾ। ਜੈਸ਼ੰਕਰ ਨੇ ਭਾਰਤ ਅਤੇ ਵਿਦੇਸ਼ਾਂ ‘ਚ ਪਾਸਪੋਰਟ ਜਾਰੀ ਕਰਨ ਵਾਲੇ ਅਧਿਕਾਰੀਆਂ ਨੂੰ ਲੋਕਾਂ ਨੂੰ ”ਸਮੇਂ ਸਿਰ, ਭਰੋਸੇਮੰਦ, ਪਹੁੰਚਯੋਗ, ਪਾਰਦਰਸ਼ੀ ਅਤੇ ਕੁਸ਼ਲ ਢੰਗ ਨਾਲ” ਪਾਸਪੋਰਟ ਅਤੇ ਸਬੰਧਤ ਸੇਵਾਵਾਂ ਪ੍ਰਦਾਨ ਕਰਨ ਦਾ ਸੱਦਾ ਦਿੱਤਾ। ਪਾਸਪੋਰਟ ਸੇਵਾ ਕੇਂਦਰ ਵਿਖੇ ਆਪਣੇ ਸੰਦੇਸ਼ ‘ਚ ਐੱਸ. ਜੈਸ਼ੰਕਰ ਨੇ ਕਿਹਾ, ”ਅਸੀਂ ਜਲਦ ਹੀ ਨਵੇਂ ਅਤੇ ਅਪਗ੍ਰੇਡਿਡ ਈ-ਪਾਸਪੋਰਟ ਸਮੇਤ ਪਾਸਪੋਰਟ ਸੇਵਾ ਪ੍ਰੋਗਰਾਮ (ਪੀ.ਐੱਸ.ਪੀ.) ਵਰਜ਼ਨ 2.0 ਸ਼ੁਰੂ ਕਰਾਂਗੇ।”
ਉਨ੍ਹਾਂ ਕਿਹਾ, ”ਨਾਗਰਿਕਾਂ ਲਈ ‘ਈਜ਼ ਆਫ਼ ਲਿਵਿੰਗ’ (ਆਸਾਨ ਜੀਵਨ) ਨੂੰ ਵਧਾਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਇਹ ਪਹਿਲ ‘EASE’ ਦੇ ਇਕ ਨਵੇਂ ਪੈਰਾਡਾਈਮ ਦੀ ਸ਼ੁਰੂਆਤ ਕਰਨਗੀਆਂ। E- ਡਿਜੀਟਲ ਈਕੋ-ਸਿਸਟਮ ਦੀ ਵਰਤੋਂ ਕਰਕੇ ਨਾਗਰਿਕਾਂ ਲਈ ਅਪਗ੍ਰੇਡਿਡ ਪਾਸਪੋਰਟ ਸੇਵਾਵਾਂ, A-ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲੋਂ ਸੰਚਾਲਿਤ ਸੇਵਾ, S ਚਿੱਪ-ਸਮਰੱਥ ਈ-ਪਾਸਪੋਰਟਾਂ ਦੀ ਵਰਤੋਂ ਕਰਦੇ ਹੋਏ ਆਸਾਨ ਵਿਦੇਸ਼ ਯਾਤਰਾ। E ਵਧੀ ਹੋਈ ਡਾਟਾ ਸੁਰੱਖਿਆ।
ਆਪਣੇ ਸੰਦੇਸ਼ ‘ਚ ਜੈਸ਼ੰਕਰ ਨੇ ਕਿਹਾ, ”ਮੈਂ ਭਾਰਤ ਅਤੇ ਵਿਦੇਸ਼ ਵਿਚ ਸਾਡੇ ਸਾਰੇ ਪਾਸਪੋਰਟ ਜਾਰੀ ਕਰਨ ਵਾਲੇ ਅਧਿਕਾਰੀਆਂ ਨੂੰ ਸਮੇਂ ਸਿਰ, ਭਰੋਸੇਮੰਦ, ਪਹੁੰਚਯੋਗ, ਪਾਰਦਰਸ਼ੀ ਅਤੇ ਕੁਸ਼ਲ ਤਰੀਕੇ ਨਾਲ ਨਾਗਰਿਕਾਂ ਨੂੰ ਪਾਸਪੋਰਟ ਅਤੇ ਸਬੰਧਤ ਸੇਵਾਵਾਂ ਪ੍ਰਦਾਨ ਕਰਨ ਦਾ ਸੱਦਾ ਦੇਣਾ ਚਾਹੁੰਦਾ ਹਾਂ।” ਜੈਸ਼ੰਕਰ ਦੇ ਸੰਦੇਸ਼ ਨੂੰ ਟਵਿੱਟਰ ‘ਤੇ ਸਾਂਝਾ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ, ”ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦਾ ਇਕ ਸੰਦੇਸ਼ ਹੈ। ਅਸੀਂ ਅੱਜ ਪਾਸਪੋਰਟ ਸੇਵਾ ਦਿਵਸ ਮਨਾ ਰਹੇ ਹਾਂ। ਐੱਮ.ਈ.ਏ. ਦੀ ਟੀਮ ਨਾਗਰਿਕਾਂ ਨੂੰ ਭਰੋਸੇਯੋਗ, ਪਹੁੰਚਯੋਗ, ਪਾਰਦਰਸ਼ੀ ਅਤੇ ਕੁਸ਼ਲ ਤਰੀਕੇ ਨਾਲ ਸਮੇਂ ‘ਤੇ ਪਾਸਪੋਰਟ ਤੇ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਦਾ ਦੀ ਪੁਸ਼ਟੀ ਕਰਦਾ ਹੈ।
ਜੈਸ਼ੰਕਰ ਨੇ ਕਿਹਾ ਕਿ ਪਾਸਪੋਰਟ ਸੇਵਾ ਦਿਵਸ 2023 ਦੇ ਮੌਕੇ ‘ਤੇ ਭਾਰਤ ਅਤੇ ਵਿਦੇਸ਼ ਵਿਚ ਸਾਰੇ ਪਾਸਪੋਰਟ ਜਾਰੀ ਕਰਨ ਵਾਲੇ ਅਧਿਕਾਰੀਆਂ ਅਤੇ ਕੇਂਦਰੀ ਪਾਸਪੋਰਟ ਸੰਗਠਨ ਦੇ ਉਨ੍ਹਾਂ ਦੇ ਸਹਿਯੋਗੀਆਂ ਦਾ ਸਨਮਾਨ ਕਰਨਾ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਇਸਦਾ ਜਾਇਜ਼ਾ ਲੈਣ ਦਾ ਇਕ ਮੌਕਾ ਹੈ ਕਿ ਕੀ ਹਾਸਲ ਕੀਤਾ ਗਿਆ ਹੈ। ਇਸ ਮੌਕੇ ‘ਤੇ ਪਾਸਪੋਰਟ ਸੇਵਾਵਾਂ ਦੀ ਆਪੂਰਤੀ ‘ਚ ਉੱਚੇ ਮਿਆਰਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਦੀ ਭਾਰਤ ਦੇ ਸੰਕਲਪ ਦੀ ਪੁਸ਼ਟੀ ਕਰਨਾ ਹੈ।