ਨਵੀਂ ਦਿੱਲੀ, 14 ਦਸੰਬਰ (ਪੰਜਾਬ ਮੇਲ)- ਭਾਰਤ ਨੇ ਕੈਨੇਡਾ ਨੂੰ ਇਕ ਵਾਰ ਫਿਰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ। ਕੈਨੇਡਾ ਸਰਕਾਰ ਅਤੇ ਮੀਡੀਆ ‘ਚ ਭਾਰਤ ‘ਤੇ ਵੀਜ਼ਾ ਨਾ ਦੇਣ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ। ਇਸ ‘ਤੇ ਭਾਰਤੀ ਵਿਦੇਸ਼ ਮੰਤਰਾਲਾ ਨੇ ਮੂੰਹ ਤੋੜ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਨੂੰ ਇਹ ਤੈਅ ਕਰਨ ਦਾ ਪੂਰਾ ਅਧਿਕਾਰ ਹੈ ਕਿ ਵੀਜ਼ਾ ਕਿਸਨੂੰ ਦੇਣਾ ਹੈ ਅਤੇ ਕਿਸਨੂੰ ਨਹੀਂ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਜੋ ਲੋਕ ਭਾਰਤ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਵੀਜ਼ਾ ਦੇਣਾ ਮੁਮਕਿਨ ਨਹੀਂ ਹੈ। ਉਨ੍ਹਾਂ ਨੇ ਕੈਨੇਡਾ ਦੇ ਮੀਡੀਆ ਰਿਪੋਰਟਾਂ ਨੂੰ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ।
ਮੰਤਰਾਲਾ ਨੇ ਇਹ ਵੀ ਕਿਹਾ ਕਿ ਕੈਨੇਡਾ ਦੀ ਮੀਡੀਆ ਦੁਆਰਾ ਇਸ ਮਾਮਲੇ ‘ਚ ਟਿਪਣੀ ਕਰਨਾ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਵਰਗਾ ਹੈ। ਕੁਝ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ, ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਨਹੀਂ ਦੇ ਰਿਹਾ, ਜਦੋਂਕਿ ਸਚਾਈ ਇਹ ਹੈ ਕਿ ਵੀਜ਼ਾ ਮੰਗਣ ਵਾਲਿਆਂ ‘ਚ ਕਈ ਖਾਲਿਸਤਾਨੀ ਸਮਰਥਕ ਸ਼ਾਮਲ ਹਨ।
ਭਾਰਤ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦੇਸ਼ ‘ਚ ਭਾਰਤ ਵਿਰੋਧੀ ਤੱਤਾਂ ਦੇ ਖਿਲਾਫ ਸਖਤ ਕਾਰਵਾਈ ਕਰੇ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪਹਿਲਾਂ ਵੀ ਇਸ ਮੁੱਦੇ ‘ਤੇ ਗੱਲ ਕੀਤੀ ਗਈ ਹੈ ਪਰ ਕੈਨੇਡਾ ਸਰਕਾਰ ਸਿਰਫ ਸਬੂਤ ਮੰਗਦੀ ਰਹੀ ਹੈ ਅਤੇ ਸਖਤ ਕਦਮ ਨਹੀਂ ਚੁੱਕੇ।